ਨੈਸ ਦੀ ਤਿਆਰੀ ਲਈ ਬੜੀ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ ਡਿਜ਼ੀਟਲ ਸਾਧਨਾਂ ਰਾਹੀਂ ਦਿੱਤੀ ਜਾਂਦੀ ਸਿੱਖਿਆ

ਮੋਗਾ 4 ਸਤੰਬਰ: (Charanjit Singh) *ਦੇਸ਼ ਭਰ ਦੇ ਸਕੂਲਾਂ ਦੀ ਵਿੱਦਿਅਕ ਗੁਣਵੱਤਾ ਤੇ ਗਤੀਵਿਧੀਆਂ ਦੇ ਮੁਲਾਂਕਣ ਲਈ ਕੇਂਦਰ ਸਰਕਾਰ ਵੱਲੋਂ 12 ਨਵੰਬਰ ਨੂੰ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇਖਣ (ਨੈਸ) ਦੀ ਤਿਆਰੀ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ‘ਚ ਮੁਹਈਆ ਕਰਵਾਈਆਂ ਗਈਆਂ ਡਿਜ਼ੀਟਲ ਸਹੂਲਤਾਂ ਬਹੁਤ ਕਾਰਗਾਰ ਸਿੱਧ ਹੋ ਰਹੀਆਂ ਹਨ। ਉਕਤ ਜਾਣਕਾਰੀ ਦਿੰਦਿਆ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਸ਼ੀਲ ਨਾਥ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਰਾਜ ਦੇ ਸਰਕਾਰੀ ਸਕੂਲਾਂ ‘ਚ ਇਨਕਲਾਬੀ ਵਿਕਾਸ ਹੋਇਆ ਹੈ। ਰਾਜ ਦੇ ਸਕੂਲਾਂ ‘ਚ ਚਲਾਈ ਗਈ ਸਮਾਰਟ ਸਕੂਲ ਮੁਹਿੰਮ ਤਹਿਤ ਡਿਜ਼ੀਟਲ ਸਾਧਨਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਜਿਸ ਲਈ ਰਾਜ ਦੇ ਹਰੇਕ ਸਕੂਲ ਨੂੰ ਪ੍ਰੋਜੈਕਟਰ ਮੁਹਈਆ ਕਰਵਾਏ ਗਏ ਹਨ। ਜਿੰਨ੍ਹਾਂ ਨਾਲ ਵਿਦਿਆਰਥੀਆਂ ਨੂੰ ਹਰੇਕ ਵਿਸ਼ਾ ਅਸਾਨੀ ਨਾਲ ਸਮਝ ਆ ਰਿਹਾ ਹੈ ਤੇ ਵਿੱਦਿਆ ਦੀ ਗੁਣਵੱਤਾ ‘ਚ ਬਹੁਤ ਵਾਧਾ ਹੋਇਆ। 12 ਨਵੰਬਰ ਨੂੰ ਹੋਣ ਵਾਲੀ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਲਾਨਾ, ਪ੍ਰਤੀਯੋਗੀ ਤੇ ਹੋਰਨਾਂ ਪ੍ਰੀਖਿਆਵਾਂ ‘ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ ਤੇ ਕੌਮੀ ਪੱਧਰ ਦੇ ਵਜ਼ੀਫੇ ਵੀ ਪ੍ਰਾਪਤ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਕਤ ਉਪਰਾਲਿਆਂ ਸਦਕਾ ਹੀ ਰਾਜ ਦੇ ਸਰਕਾਰੀ ਸਕੂਲਾਂ ‘ਚ ਮਾਪਿਆਂ ਦਾ ਵਿਸ਼ਵਾਸ਼ ਵਧਿਆ ਹੈ ਤੇ ਹਰ ਸਾਲ ਲੱਖਾਂ ਦੀ ਗਿਣਤੀ ‘ਚ ਵਿਦਿਆਰਥੀਆਂ ਦਾ ਦਾਖਲਾ ਵਧ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਪੀ.ਜੀ.ਆਈ. ਵਾਂਗ ਨੈਸ ‘ਚ ਵੀ ਪੰਜਾਬ ਦੇਸ਼ ਭਰ ‘ਚੋਂ ਅੱਵਲ ਰਹੇਗਾ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਧੇਵਾਲਾ ਦੇ ਪ੍ਰਿੰਸੀਪਲ ਰਾਜੇਸ਼ ਗਰਗ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਸੁਚੱਜੀ ਅਗਵਾਈ ‘ਚ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਡਿਜ਼ੀਟਲ ਸਹੂਲਤਾਂ ਜਿੰਨ੍ਹਾਂ ‘ਚ ਪ੍ਰੋਜੈਕਟਰ, ਐਜੂਕੇਅਰ ਐਪ ਤੇ ਆਨਲਾਈਨ ਸ਼ਾਮਲ ਹਨ, ਦਾ ਭਰਪੂਰ ਫਾਇਦਾ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਡਿਜ਼ੀਟਲ ਸਾਧਨਾਂ ਨੇ ਵਿਦਿਅਕ ਗਤੀਵਿਧੀਆਂ ਨੂੰ ਸਰਲਤਾ ਪ੍ਰਦਾਨ ਕੀਤੀ ਹੈ ਤੇ ਵਿਦਿਆਰਥੀ ਹਰ ਸਵਾਲ ਦਾ ਜੁਆਬ ਅਸਾਨੀ ਨਾਲ ਲੱਭ ਲੈਂਦੇ ਹਨ। ਸ. ਸ਼ਲਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਤਿਆਰੀ ਕੀਤੀ ਡਿਜ਼ੀਟਲ ਸਮੱਗਰੀ ਨੇ ਸਕੂਲੀ ਵਿੱਦਿਆ ਨੂੰ ਪੂਰੀ ਤਰ੍ਹਾਂ ਸਮਾਰਟ ਬਣਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨੈਸ ਦੀ ਤਿਆਰੀ ਲਈ ਸਰਕਾਰੀ ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਡਿਜ਼ੀਟਲ ਸਾਧਨਾਂ ਦਾ ਪੂਰਾ ਲਾਹਾ ਲਿਆ ਜਾ ਰਿਹਾ ਹੈ। ਇਸ ਸਬੰਧੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਲੈਕਚਰਾਰ ਸੰਦੀਪ ਸੇਠੀ ਦਾ ਕਹਿਣਾ ਹੈ ਕਿ ਅਜੋਕੇ ਡਿਜ਼ੀਟਲ ਸਾਧਨਾਂ ਨੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ‘ਚ ਬਹੁਤ ਵਾਧਾ ਕੀਤਾ ਹੈ। ਇਨ੍ਹਾਂ ਜਰੀਏ ਵਿਦਿਆਰਥੀ ਪ੍ਰੈਕਟੀਕਲ ਰੂਪ ‘ਚ ਬਹੁਤ ਜਲਦ ਕਿਸੇ ਵੀ ਵਿਸ਼ੇ ਨੂੰ ਸਮਝ ਲੈਂਦੇ ਹਨ। ਪੰਜਾਬ ਸਰਕਾਰ ਦਾ ਰਾਜ ਦੇ ਸਰਕਾਰੀ ਸਕੂਲਾਂ ‘ਚ ਡਿਜ਼ੀਟਲ ਸਾਧਨ ਮੁਹਈਆ ਕਰਵਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।





