ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਹਾਰਾਜਾ ਅਗਰਸੇਨ ਦੀ ਜੀਵਨੀ ਅਤੇ ਸਿੱਖਿਆਵਾਂ ‘ਤੇ ਆਧਾਰਿਤ ਲੇਖ ਨੂੰ ਸਿਲੇਬਸ ‘ਚ ਸ਼ਾਮਿਲ ਕਰਨਾ ਮਾਣ ਵਾਲੀ ਗੱਲ ਹੈ :- ਹਰਸ਼ ਕੁਮਾਰ ਗੋਇਲ
ਅਗਰਵਾਲ ਸਭਾ ਮੋਗਾ ਦਾ ਸਾਲਾਂ ਪੁਰਾਣਾ ਸੁਪਨਾ ਸਾਕਾਰ ਹੋਇਆ

Moga 30/5/2022 (Charanjit Singh) : ਅਗਰਵਾਲ ਸਭਾ ਮੋਗਾ ਦੇ ਜ਼ਿਲ੍ਹਾ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ ਨੇ ਕਿਹਾ ਕਿ ਅਗਰਵਾਲ ਭਾਈਚਾਰੇ ਲਈ ਇਹ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਜਿੱਥੇ ਸਾਨੂੰ ਵਿਸ਼ਵ ਭਰ ਵਿੱਚ ਸਾਡੇ ਵੱਲੋਂ ਦਿੱਤੇ ਸਮਾਜਿਕ, ਧਾਰਮਿਕ, ਆਰਥਿਕ, ਬੌਧਿਕ, ਵਿੱਦਿਅਕ , ਅਧਿਆਤਮਕ , ਨੈਤਿਕ ਆਦਿ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਵਿਸ਼ੇਸ਼ ਮਾਨਤਾ ਪ੍ਰਾਪਤ ਹੈ ਉਥੇ ਇਹ ਦੱਸਣਯੋਗ ਹੈ ਕਿ ਸਾਡੇ ਪ੍ਰੇਰਨਾ ਸਰੋਤ ਅਤੇ ਅਗਰਵਾਲ ਸਮਾਜ ਦੇ ਪਰਮ ਆਰਾਧਕ ਕੁਲਪੁਰਸ਼ ਮਹਾਰਾਜਾ ਅਗਰਸੇਨ ਜੀ ਦੇ ਪ੍ਰੇਰਨਾਦਾਇਕ ਜੀਵਨ ‘ਤੇ ਆਧਾਰਿਤ ਇੱਕ ਅਧਿਆਏ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸੱਤਵੀਂ ਜਮਾਤ ਦੇ ਪਾਠ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਅਧਿਆਏ ਵਿਚ ਮਹਾਰਾਜ ਅਗਰਸੇਨ ਦੇ ਮਹਾਨ ਫਲਸਫੇ ਅਤੇ ਸਮੁੱਚੇ ਸਮਾਜ ਲਈ ਇਕ ਰੁਪੱਈਆ , ਇਕ ਇੱਟ ਵਰਗੇ ਸਮਾਨਤਾ ਆਧਾਰਿਤ ਸਿਧਾਂਤਾਂ ਅਤੇ ਵਿਚਾਰਧਾਰਾ ਨੂੰ ਬਹੁਤ ਹੀ ਸਾਰਥਕ ਢੰਗ ਨਾਲ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਸਾਡੇ ਵਿਦਿਆਰਥੀ ਅਤੇ ਸਮੁੱਚਾ ਵਿਸ਼ਵ ਇਸ ਮਹਾਨ ਸ਼ਖਸੀਅਤ ਦੀ ਸਮਾਜਵਾਦੀ ਵਿਚਾਰਧਾਰਾ ਨੂੰ ਸਮਝ ਅਤੇ ਜਾਣ ਸਕੇ। ਮਹਾਰਾਜ ਅਗਰਸੇਨ ਦੇ ਵਿਚਾਰਧਾਰਕ ਦ੍ਰਿਸ਼ਟੀਕੋਣ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਲਈ ਸਮਾਨਤਾ, ਪਰਉਪਕਾਰ ਅਤੇ ਆਪਸੀ ਸੰਵੇਦਨਾ ‘ਤੇ ਆਧਾਰਿਤ ਉਨ੍ਹਾਂ ਦਾ ਜੀਵਨ ਸੱਚਮੁੱਚ ਸਮੁੱਚੀ ਮਨੁੱਖਤਾ ਲਈ ਰੋਲ ਮਾਡਲ ਹੈ। ਇਸ ਸ਼ੁਭ ਅਵਸਰ ‘ਤੇ ਅਗਰਵਾਲ ਸਭਾ ਮੋਗਾ ਦੀ ਟੀਮ ਵੱਲੋਂ ਸਮੂਹ ਅਗਰਸੈਨ ਦੇ ਪੈਰੋਕਾਰਾਂ ਨੂੰ ਵਧਾਈ ਦਿੰਦੇ ਹੋਏ ਸੱਦਾ ਦਿੱਤਾ ਜਾਂਦਾ ਹੈ ਕਿ ਮਹਾਰਾਜ ਅਗਰਸੇਨ ਜੀ ਦੇ ਜੀਵਨ, ਫਲਸਫੇ ਅਤੇ ਸਮਾਜਿਕ ਯੋਗਦਾਨ ‘ਤੇ ਲਿਖੇ ਇਸ ਅਧਿਆਏ ਨੂੰ ਪੜ੍ਹ ਕੇ ਇਸ ਅਧਿਆਏ ਨੂੰ ਸਮੁੱਚੇ ਸਮਾਜ ਤੱਕ ਪਹੁੰਚਾਉਣ ਦਾ ਉਪਰਾਲਾ ਕਰੋ। ਉਨ੍ਹਾਂ ਕਿਹਾ ਕ ਸਾਨੂੰ ਮਹਾਰਾਜ ਅਗਰਸੇਨ ਜੀ ਦੀਆਂ ਸਿੱਖਿਆਵਾਂ ਨੂੰ ਫੈਲਾਉਣ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਸਮਾਜ ਦੀ ਉਸਾਰੀ ਲਈ ਵਚਨਬੱਧ ਅਤੇ ਦ੍ਰਿੜ ਰਹਿਣ ਲਈ ਠੋਸ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਦੀ ਸਮੁੱਚੀ ਇਕਾਈ ਵੱਲੋਂ ਸੁਰਿੰਦਰ ਅਗਰਵਾਲ ਦੀ ਅਗਵਾਈ ਹੇਠ ਸਮੁੱਚੀ ਟੀਮ ਵੱਲੋਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਜਿਸ ਕਾਰਨ ਇਸ ਮਤੇ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਵਿਚ ਸਫ਼ਲਤਾ ਮਿਲੀ ਹੈ ਉਨ੍ਹਾਂ ਅਗਰਵਾਲ ਸਭਾ ਦੇ ਝੰਡੇ ਹੇਠ ਮੋਗਾ ਦੇ ਸਾਰੇ ਅਗਰਵੰਸ਼ੀਆਂ ਨੂੰ ਇੱਕ ਪਲੇਟਫਾਰਮ ‘ਤੇ ਆਉਣ ਲਈ ਅਪੀਲ ਵੀ ਕੀਤੀ ਤਾਕਿ ਨੇੜਲੇ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਯਤਨ ਕਰਨਾ ਸੰਭਵ ਹੋ ਸਕੇ ।




