ਨਸ਼ੇ ਨੂੰ ਜੜੋਂ ਖਤਮ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਚੁੱਕੇ ਸਖਤ ਕਦਮ- ਮਾਲਵਿਕਾ ਸੂਦ
ਮੈਂ ਅਤੇ ਮੇਰੀ ਟੀਮ ਨਸ਼ੇ ਦੀ ਦਲਦਲ ਚ ਧਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਕਰਦੇ ਰਹਾਂਗੇ ਜਾਗਰੂਕ

ਮੋਗਾ 28 ਅਪ੍ਰੈਲ ( ਚਰਨਜੀਤ ਸਿੰਘ ) ਪੰਜ ਦਰਿਆਵਾਂ ਦੀ ਧਰਤੀ ਪੰਜਾਬ ਚ ਅੱਜ ਵਹਿ ਰਹੇ ਨਸ਼ੇ ਦਾ ਛੇਵਾਂ ਦਰਿਆ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ! ਇਸਨੂੰ ਜੇਕਰ ਨਾ ਰੋਕਿਆ ਗਿਆ ਤਾਂ ਆਉਣ ਵਾਲੀ ਨੌਜਵਾਨ ਪੀੜੀ ਇਸ ਦਲਦਲ ਚ ਧਸਕੇ ਖਤਮ ਹੋ ਜਾਵੇਗੀ! ਜਿੱਥੇ ਮੇਰੇ ਅਤੇ ਮੇਰੀ ਟੀਮ ਵਲੋਂ ਪਿਛਲੇ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਇਸ ਨਸ਼ੇ ਵਰਗੀ ਨਾਮੁਰਾਦ ਬਿਮਾਰੀ ਤੋਂ ਦੂਰ ਰਹਿਣ ਅਤੇ ਇਸਦੇ ਨੁਕਸਾਨ ਪ੍ਰਤੀ ਜਾਗਰੂਕ ਕਰਕੇ ਚੰਗੇ ਰਾਹ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਸਮੇਂ ਦੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਇਸ ਤੇ ਮੁਕੰਮਲ ਠੱਲ ਪਾਉਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ! ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਮੋਗਾ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਅੱਜ ਗੱਲਬਾਤ ਕਰਦਿਆਂ ਕੀਤਾ ! ਉਨ੍ਹਾਂ ਕਿਹਾ ਕਿ ਆਏ ਦਿਨ ਚਿਟੇ ਜਿਹੇ ਗੰਦੇ ਨਸ਼ੇ ਕਰਕੇ ਕਈ ਘਰਾਂ ਦੇ ਚਿਰਾਗ ਬੁੱਝ ਗਏ ਹਨ ਅਤੇ ਪੰਜਾਬ ਚ ਇਹ ਪਹਿਲਾ ਕੇਸ ਨਹੀਂ ਬਲਕਿ ਘਰਾਂ ਦੇ ਘਰ ਰੁਲ ਗਏ ਹਨ ਪਰ ਸਭ ਤੋਂ ਵਡੀ ਹੈਰਾਨਗੀ ਇਹ ਹੈ ਕਿ ਇਹ ਆਉਂਦਾ ਕਿਥੋਂ ਹੈ ! ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਹ ਮੋਗਾ ਹਲਕੇ ਅੰਦਰ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਉਪਰਾਲੇ ਤੇਜ ਕਰਨ! ਉਨ੍ਹਾਂ ਅਪੀਲ ਕੀਤੀ ਕਿ ਟੀਮ ਮਾਲਵਿਕਾ ਸੂਦ ਵੀ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰਨ ਲਈ ਨਵੇਂ ਕਦਮ ਚੁੱਕੇਗੀ ! ਉਨ੍ਹਾਂ ਦਸਿਆ ਕਿ ਨਸ਼ੇ ਦੀ ਇਸ ਦਲਦਲ ਚੋ ਬਾਹਰ ਨਿਕਲਣ ਲਈ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਦਾ ਸੂਦ ਚੈਰਿਟੀ ਸੰਸਥਾ ਵਲੋਂ ਪਹਿਲਾ ਵੀ ਇਲਾਜ ਕਰਵਾਇਆ ਜਾ ਰਿਹਾ ਹੈ ਜੇਕਰ ਕੋਈ ਨਸ਼ੇ ਛੱਡਣਾ ਚਾਉਂਦਾ ਹੈ ਉਹ ਇਲਾਜ ਦੀ ਚਿੰਤਾ ਨਾ ਕਰੇ ਮਾਲਵਿਕਾ ਸੂਦ ਹਮੇਸ਼ਾ ਵਾਂਗ ਆਪਣੇ ਹਲਕਾ ਵਾਸੀਆਂ ਦੀ ਸੇਵਾ ਲਈ ਖੜੀ ਹੈ !




