ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਖੇਤੀਬਾੜੀ ਧੰਦੇ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ-ਡਾ. ਅਮਨਦੀਪ ਅਰੋੜਾ
ਕੁਦਰਤੀ ਖੇਤੀ ਅਤੇ ਪਾਣੀ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ-ਡਿਪਟੀ ਕਮਿਸ਼ਨਰ

ਮੋਗਾ 26 ਅਪ੍ਰੈਲ ( Charanjit singh ) ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਕਿਸਾਨਾਂ ਨੂੰ ਆਧੁਨਿਕ ਖੇਤੀ ਵੱਲ ਲਿਜਾ ਕੇ ਖੇਤੀਬਾੜੀ ਧੰਦੇ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ। ਕਿਸਾਨਾਂ ਨੂੰ ਬਿਨ੍ਹਾਂ ਕਿਸੇ ਵਿੱਤੀ ਘਾਟੇ ਤੋਂ ਫ਼ਸਲੀ ਵਿਭਿੰਨਤਾ ਵੱਲ ਲਿਜਾਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਤਾਂ ਕਿ ਸੂਬੇ ਦੇ ਗਿਰ ਰਹੇ ਪਾਣੀ ਦੇ ਪੱਧਰ ਨੂੰ ਅਤੇ ਕਿਸਾਨ ਦੀ ਆਰਥਿਕਤਾ ਨੂੰ ਉੱਚਾ ਚੁੱਕਿਆ ਜਾ ਸਕੇ। ਖੇਤੀਬਾੜੀ ਕਿੱਤੇ ਨੂੰ ਸੁਧਾਰ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾ ਕੇ ਹੋਰਨਾਂ ਸੂਬਿਆਂ ਲਈ ਵੀ ਮਿਸਾਲ ਕਾਇਮ ਕੀਤੀ ਜਾਵੇਗੀ। ਸੂਬੇ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਕਿਸਾਨਾਂ ਦਾ ਅਰਥਿਕ ਪੱਧਰ ਉੱਪਰ ਚੁੱਕ ਕੇ ਹੀ ਪੂਰਾ ਹੋਣਾ ਸੰਭਵ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵਿਖੇ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ। ਇਹ ਕਿਸਾਨ ਮੇਲਾ ਆਜ਼ਾਦੀ ਦੇ ਅੰਮ੍ਰਿਤ ਮਹੋਤਵਸ ਤਹਿਤ ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਮੁਹਿੰਮ ਤਹਿਤ ਖੇਤੀਬੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਅਤੇ ਆਤਮਾ ਸਕੀਮ ਤਹਿਤ ਕੀਤਾ ਗਿਆ। ਇਸ ਕਿਸਾਨ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਜਿ਼ਲ੍ਹਾ ਦੇ ਕਿਸਾਨਾਂ ਨੇ ਸ਼ਮੂਲੀਅਤ ਕਰਕੇ ਲਾਹੇਵੰਦ ਕਿਸਾਨੀ ਪ੍ਰਤੀ ਚੇਤਨਤਾ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਇਸ ਕਿਸਾਨ ਮੇਲੇ ਦਾ ਮੁੱਖ ਮੰਤਵ ਕਿਸਾਨ ਭਲਾਈ ਸਕੀਮਾਂ ਸਬੰਧੀ ਕਿਸਾਨਾਂ ਨੂੰ ਜਾਗ੍ਰਿਤ ਕਰਨਾ, ਕਿਸਾਨ ਅਤੇ ਵਿਗਿਆਨੀਆਂ ਵਿਚਕਾਰ ਵਿਚਾਰ ਵਟਾਂਦਰਾ, ਪਸ਼ੂਆਂ ਦੀ ਸਿਹਤ-ਸੰਭਾਲ ਅਤੇ ਕੁਦਤਰੀ ਸਰੋਤਾਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦੇਣਾ ਸੀ। ਇਸ ਕਿਸਾਨ ਮੇਲੇ ਵਿਚ ਖੇਤੀਬਾੜੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਅਤੇ ਸਾਂਭ ਸੰਭਾਲ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਜ਼ਹਿਰ ਰਹਿਤ ਖੇਤੀ ਨੂੰ ਅਪਨਾਉਣ , ਦਰਖੱਤ ਲਗਾਉਣ ਅਤੇ ਸੁਆਣੀਆਂ ਨੂੰ ਘਰੇਲੂ ਬਗੀਚੀ ਤਿਆਰ ਕਰਨ ਦਾ ਸੁਨੇਹਾ ਦਿੱਤਾ
ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਵੀ ਇਸ ਕਿਸਾਨ ਮੇਲੇ ਵਿੱਚ ਸਿ਼ਰਕਤ ਕੀਤੀ ਅਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਤੇ ਪਾਣੀ ਦੀ ਸੰਭਾਲ ਕਰਨ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਪੁਰਖਿਆਂ ਦੀ ਖੇਤੀ ਨੂੰ ਸੰਭਾਲੀਏ ਅਤੇ ਵਿਦੇਸ਼ਾਂ ਵਿਚ ਜਾਣ ਵਾਲੇ ਬੱਚਿਆਂ ਨੂੰ ਇੱਥੇ ਹੀ ਆਪਣਾ ਰੋਜ਼ਗਾਰ ਸਥਾਪਿਤ ਕਰਨ ਅਤੇ ਸਿਹਤਮੰਦ ਜਿੰਦਗੀ ਜਿਉਣ ਲਈ ਪ੍ਰੇਰਿਤ ਕਰੀਏ।
ਇਸ ਕਿਸਾਨ ਮੇਲੇ ਵਿਚ ਡਾ. ਜਸਬੀਰ ਕੌਰ ਏ.ਡੀ.ਓ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਨੁਕਤੇ, ਡਾ: ਪ੍ਰਭਜੋਤ ਕੌਰ ਨੇ ਐਨੀਮਲ ਸਾਇੰਸ, ਡਾ. ਪ੍ਰੇਰਨਾ ਠਾਕੁਰ ਨੇ ਸਬਜ਼ੀਆਂ ਅਤੇ ਬਾਗਾਂ ਦੀ ਸਾਂਭ ਸੰਭਾਲ, ਡਾ. ਰਮਨਦੀਪ ਕੌਰ ਨੇ ਫਸਲਾਂ ਦੀ ਪ੍ਰੋਸੈਸਿੰਗ, ਡਾ. ਮਨਪ੍ਰੀਤ ਜੈਦਕਾ ਨੇ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ, ਡਾ. ਅਮਨਦੀਪ ਸਿੰਘ ਬਰਾੜ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਅਤੇ ਕਿਸਾਨਾਂ ਨੂੰ ਮੁਹੱਈਆ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਿ਼ਕਰ ਕੀਤਾ।
ਇਸ ਮੌਕੇ ਸੰਤ ਬਾਬਾ ਗੁਰਮੀਤ ਸਿੰਘ ਨੇ ਨਹਿਰੀ ਪਾਣੀ ਦੀ ਸੁੱਚਜੀ ਵਰਤੋਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਕਿਸਾਨ ਮੇਲੇ ਵਿੱਚ ਮੈਨੇਜਰ ਲੀਡ ਬੈਂਕ ਬਜਰੰਗੀ ਸਿੰਘ ਨੇ ਬੈਂਕਾਂ ਦੁਆਰਾ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਕ੍ਰੈਡਿਟ ਕਾਰਡ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਗਿਆ।
ਮੁੱਖ ਖੇਤੀਬਾੜੀ ਅਫਸਰ ਮੋਗਾ ਡਾ. ਪ੍ਰਿਤਪਾਲ ਸਿੰਘ ਨੇ ਕੈਂਪ ਵਿਚ ਆਏ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੁਖਰਾਜ ਕੌਰ ਖੇਤੀਬਾੜੀ ਅਫਸਰ, ਡਾ. ਗੁਰਬਾਜ ਸਿੰਘ, ਡਾ. ਨਵਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਅੰਮ੍ਰਿਤਪਾਲ ਸਿੰਘ, ਡਾ. ਜਗਤਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਡਾ. ਪਰਮਿੰਦਰ ਕੌਰ, ਡਾ. ਮਨਪ੍ਰੀਤ ਸਿੰਘ, ਡਾ. ਅਮਰਜੀਤ ਸਿੰਘ ਤੋਂ ਇਲਾਵਾ ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। ਮੰਚ ਦਾ ਸੰਚਾਲਨ ਡਾ. ਜਸਵਿੰਦਰ ਸਿੰਘ ਬਰਾੜ ਨੇ ਨਿਭਾਇਆ।




