ਢੁੱਡੀਕੇ ਦੇ ਸਿਹਤ ਕਰਮਚਾਰੀਆਂ ਨੂੰ ਸੰਕੇਤਿਕ ਭਾਸ਼ਾ ਦੀ ਟਰੇਨਿੰਗ ਕਰਵਾਈ

ਢੁੱਡੀਕੇ 12 ਮਾਰਚ ( Charanjit Singh ) ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਨਸ਼ਨ ਐਂਡ ਕੰਟਰੋਲ ਆਫ ਡੈਫਨੈਸ ਦੇ ਅਸਿਸਟੈਂਟ ਡਾਇਰੈਕਟਰ ਡਾ. ਬਲਜੀਤ ਕੌਰ ਅਤੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿ਼ਲ੍ਹਾ ਮੋਗਾ ਵਿਖੇ ਮਨਾਏ ਜਾ ਰਹੇ ਸੁਣਨ ਸ਼ਕਤੀ ਹਫਤੇ ਦੌਰਾਨ ਸਿਵਲ ਹਸਪਤਾਲ ਢੁੱਡੀਕੇ ਦੇ ਸਿਹਤ ਕਰਮਚਾਰੀਆਂ ਨੂੰ ਲਖਵਿੰਦਰ ਸਿੰਘ ਬੀਈਈ ਅਤੇ ਰਾਜਿੰਦਰ ਕੁਮਾਰ ਬੀਈਈ ਵੱਲੋਂ ਸੰਕੇਤਿਕ ਭਾਸ਼ਾ ਦੀ ਟਰੇਨਿੰਗ ਕਰਵਾਈ ਗਈ ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਨੇ ਦੱਸਿਆ ਕਿ ਗੂੰਗੇ ਅਤੇ ਬੋਲੇ ਵਿਅਕਤੀਆਂ ਨੂੰ ਸਮਾਜ ਵਿੱਚ ਵਿਚਰਣ ਸਬੰਧੀ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਗੂੰਗੇ ਬੋਲੇ ਵਿਅਕਤੀ ਵੀ ਆਮ ਇਨਸਾਨ ਦੀ ਤਰਾਂ ਭਾਵਨਾਵਾਂ ਰੱਖਦੇ ਹਨ ਅਤੇ ਆਪਣੇ ਵਿਚਾਰ ਅਤੇ ਇਛਾਵਾਂ ਸਾਂਝੀਆਂ ਕਰਨੀਆਂ ਚਾਹੁੰਦੇ ਹਨ, ਪਰ ਸਮਾਜ ਵਿੱਚ ਆਮ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਨ ਵਿੱਚ ਮੁਸ਼ਕਿਲ ਹੋਣ ਕਾਰਣ ਅਣਗੋਲਿਆ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਦਫਤਰਾਂ ਵਿੱਚ ਆਪਣਾ ਕੰਮ ਕਰਵਾਉਣ ਲਈ ਵੀ ਖੱਜਲ ਖੁਆਰ ਹੋਣਾ ਪੈਂਦਾ ਹੈ । ਜਿਸ ਲਈ ਦਫਤਰਾਂ ਵਿੱਚ ਕੰਮ ਕਰਨ ਵਾਲੇ ਅਤੇ ਆਮ ਲੋਕਾਂ ਨੂੰ ਸੰਕੇਤਿਕ ਭਾਸ਼ਾ ਸਿੱਖਣ ਦੀ ਲੋੜ ਹੈ ਤਾਂ ਜੋ ਨਾ ਸੁਣ ਸਕਣ ਵਾਲੇ ਵਿਅਕਤੀਆਂ ਨੂੰ ਵੀ ਸਮਾਜ ਵਿੱਚ ਸਨਮਾਨ ਅਤੇ ਬਰਾਬਰ ਦਾ ਦਰਜਾ ਦਿੱਤਾ ਜਾ ਸਕੇ । ਉਹਨਾਂ ਦੱਸਿਆ ਕਿ ਸਟੇਟ ਪੱਧਰ ਤੇ ਸੰਗੀਤਾ ਹੈਂਡਸ ਐਂਡ ਆਈਜ਼ ਫਾਊਂਡੇਸ਼ਨ ਦੁਆਰਾ ਕਰਵਾਈ ਗਈ ਸੰਕੇਤਿਕ ਭਾਸ਼ਾ ਸਬੰਧੀ ਟਰੇਨਿੰਗ ਪ੍ਰਾਪਤ ਲਖਵਿੰਦਰ ਸਿੰਘ ਕੈਂਥ ਅਤੇ ਰਾਜਿੰਦਰ ਕੁਮਾਰ ਵੱਲੋਂ ਜਿਲਾ ਮੋਗਾ ਦੇ ਸਮੂਹ ਸਿਹਤ ਸਟਾਫ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਸਿਹਤ ਸੰਸਥਾਵਾਂ ਵਿਖੇ ਕਿਸੇ ਵੀ ਨਾ ਸੁਣ ਸਕਣ ਜਾਂ ਨਾ ਬੋਲ ਸਕਣ ਵਾਲੇ ਵਿਅਕਤੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
ਲਖਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਸੰਕੇਤਿਕ ਭਾਸ਼ਾ ਦੀ ਜਾਣਕਾਰੀ ਸਮਾਜ ਦੇ ਹਰ ਇੱਕ ਵਿਅਕਤੀ ਨੂੰ ਹੋਣੀ ਚਾਹੀਦੀ ਹੈ ਤਾਂ ਜੋ ਡਫ ਅਤੇ ਮਿਊਟ ਵਿਅਕਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਉਹਨਾਂ ਕਿਹਾ ਕਿ ਕੋਕਲੀਅਰ ਇੰਪਲਾਂਟ ਨਾਲ 2 ਤੋਂ 3 ਸਾਲ ਤੱਕ ਦੇ ਬੱਚੇ ਦੀ ਸੁਣਨ ਸਮੱਸਿਆ ਨੂੰ ਕੁਝ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ, ਜਿਸ ਲਈ ਹਰ ਮਾਤਾ ਪਿਤਾ ਵੱਲੋਂ ਜਨਮ ਸਮੇਂ ਹੀ ਬੱਚੇ ਦਾ ਕੰਨਾਂ ਦਾ ਟੈਸਟ ਕਰਵਾ ਲਿਆ ਜਾਵੇ । ਮੈਡੀਕਲ ਕਾਲਜਾਂ ਅਤੇ ਜਿਲਾ ਸਰਕਾਰੀ ਹਸਪਤਾਲਾਂ ਵਿੱਚ ਕੰਨਾਂ ਸਬੰਧੀ ਟੈਸਟ ਮੁਫਤ ਕੀਤੇ ਜਾਂਦੇ ਹਨ । ਇਸ ਮੌਕੇ ਸੁਖਵਿੰਦਰ ਕੌਰ ਨਰਸਿੰਗ ਸਿਸਟਰ, ਰਮਨ ਕੁਮਾਰ ਬੀਏਸੀ, ਅਮਨਦੀਪ ਕੌਰ ਬੀਐਸਏ, ਹਰਪ੍ਰੀਤ ਕੌਰ ਸਟੈਨੋ, ਸਟਾਫ ਨਰਸਾਂ, ਹੈਲਥ ਸੁਪਰਵਾਈਜਰ, ਸੀਐਚੳਜ਼, ਮਪਹਵ ਮੇਲ ਫੀਮੇਲ ਅਤੇ ਹੋਰ ਸਟਾਫ ਹਾਜਿਰ ਸੀ ।







