31 ਜਨਵਰੀ ਤੱਕ ਬਣਾਈ ਜਾ ਸਕਦੀ ਹੈ ਨਵੀਂ ਵੋਟ
ਵੋਟਰ ਹੈਲਪਲਾਈਨ ਐਪ ਜਾਂ ਵੈਬਸਾਈਟ ਜਰੀਏ ਆਨਲਾਈਨ ਵੀ ਬਣਾਈ ਜਾ ਸਕਦੀ ਹੈ ਵੋਟ-ਹਰਚਰਨ ਸਿੰਘ

ਮੋਗਾ, 14 ਜਨਵਰੀ ( Charanjit Singh ) ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਭਾਰਤੀ ਚੋਣ ਕਮਿਸ਼ਨਰ ਵੱਲੋਂ ਕੀਤਾ ਜਾ ਚੁੱਕਾ ਹੈ। ਇਹ ਚੋਣਾਂ 14 ਫਰਵਰੀ, 2022 ਨੂੰ ਹੋਣ ਜਾ ਰਹੀਆਂ ਹਨ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਹੜੇ ਵੀ ਨਾਗਰਿਕ 1 ਜਨਵਰੀ, 2022 ਤੱਕ 18 ਸਾਲ ਜਾਂ ਇਸਤੋਂ ਉਪਰਲੀ ਉਮਰ ਦੇ ਹਨ ਅਤੇ ਉਨ੍ਹਾਂ ਦੀ ਵੋਟ ਹਾਲੇ ਤੱਕ ਨਹੀਂ ਬਣੀ ਉਹ ਹਾਲੇ ਵੀ ਆਪਣੀ ਵੋਟ ਬਣਾ ਸਕਦੇ ਹਨ। 31 ਜਨਵਰੀ, 2022 ਤੱਕ ਨਵੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਨਵੀਂ ਵੋਟ ਬਣਾਉਣ ਲਈ ਯੋਗ ਉਮੀਦਵਾਰ ਆਪਣੇ ਬੂਥ ਲੈਵਲ ਅਫ਼ਸਰ ਜਾਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਜ਼ਿਲ੍ਹਾ ਚੋਣ ਅਫ਼ਸਰ ਕੋਲ ਫਾਰਮ ਭਰ ਕੇ ਦੇ ਸਕਦੇ ਹਨ।
ਇਸ ਤੋਂ ਇਲਾਵਾ ਨਵੀਂ ਵੋਟ ਆਨਲਾਈਨ ਵੀ ਬਣਾਈ ਜਾ ਸਕਦੀ ਹੈ। ਆਨਲਾਈਨ ਵੋਟ ਬਣਾਉਣ ਲਈ www.voterportal.eci.gov.in ਉੱਪਰ ਵਿਜ਼ਟ ਕੀਤਾ ਜਾ ਸਕਦਾ ਹੈ ਜਾਂ ਵੋਟਰ ਹੈਲਪਲਾਈਨ ਮੋਬਾਇਲ ਐਪ ਜਰੀਏ ਵੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ। ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਟੋਲਫ੍ਰੀ ਨੰਬਰ 1950 ਵੀ ਡਾਇਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ। ਚੋਣ ਜਾਬਤੇ ਅਤੇ ਚੋਣ ਖਰਚ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਦੀ ਰਿਪੋਰਟ ਸੀ ਵਿਜਲ ਐਪ ਜਰੀਏ ਸਿਰਫ਼ ਕੁਝ ਹੀ ਕਲਿੱਕਾਂ ਨਾਲ ਦਿੱਤੀ ਜਾ ਸਕਦੀ ਹੈ।




