ਬਾਰਸ਼ ਦੇ ਮੌਸਮ ਦੌਰਾਨ ਖੇਤੀਬਾੜੀ ਵਿਭਾਗ ਵੱਲੋ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕਰਨ ਦੀ ਸਲਾਹ

ਮੋਗਾ, 8 ਜਨਵਰੀ ( Charanjit Singh ) – ਪਿਛਲੇ ਦੋ ਦਿਨਾਂ ਤੋਂ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਪੈ ਰਹੀ ਬਾਰਸ਼ ਦੇ ਸਦਰੰਭ ਵਿੱਚ ਜ਼ਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫਸਰ ਡਾ ਪ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਮੌਸਮ ਵਿਭਾਗ ਅਨੁਸਾਰ ਖ਼ਿੱਤੇ ਵਿੱਚ ਚਾਰ ਜਨਵਰੀ ਤੋਂ ਲੈਕੇ ਨੌਂ ਜਨਵਰੀ ਤੱਕ ਦੋ ਪੱਛਮੀ ਚੱਕਰਵਰਾਤਾਂ ਕਾਰਨ ਸਮੁੱਚੇ ਇਲਾਕੇ ਵਿੱਚ ਮੀਂਹ , ਬੱਦਲਵਾਈ ਅਤੇ ਤੇਜ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਹੈ । ਸੋ ਇਸ ਸਮੇਂ ਦੌਰਾਨ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਪਿਛੇਤੀਆਂ ਬੀਜੀਆਂ ਕਣਕਾਂ ਵਿੱਚ ਜਿੱਥੇ ਕਿਸਾਨਾਂ ਨੇ ਨਦੀਨ ਨਾਸ਼ਕਾਂ ਦੀ ਅਜੇ ਵਰਤੋਂ ਕਰਨੀ ਹੈ ਉਹ ਇਸ ਖਰਾਬ ਮੌਸਮ ਦੌਰਾਨ ਦਵਾਈ ਦੀ ਸਪਰੇਅ ਨਾ ਕਰਨ ਅਤੇ ਸਿਰਫ਼ ਮੌਸਮ ਸਾਫ਼ ਹੋਣ ਉਪਰੰਤ ਧੁੱਪ ਵਾਲੇ ਦਿਨਾਂ ਵਿੱਚ ਹੀ ਨਦੀਨ ਨਾਸ਼ਕਾਂ ਦੀ ਸਪਰੇਅ ਕਰਨ ਨੂੰ ਤਰਜੀਹ ਦਿੱਤੀ ਜਾਵੇ ।
ਉਹਨਾਂ ਇਹ ਵੀ ਦੱਸਿਆ ਕਿ ਜਿੱਥੇ ਕਣਕਾਂ ਦੀ ਬਿਜਾਈ ਨੂੰ 55 ਤੋਂ ਲੈਕੇ 60 ਦਿਨ ਹੋ ਚੁੱਕੇ ਹਨ ਅਤੇ ਦੁਬਾਰਾ ਤੋਂ ਉੱਗ ਰਿਹਾ ਗੁੱਲੀ ਡੰਡਾ ਕਣਕ ਤੋਂ ਬਹੁਤ ਛੋਟਾ ਹੈ ਉੱਥੇ ਕਿਸੇ ਵੀ ਨਦੀਨ ਨਾਸ਼ਕ ਦੀ ਸਪਰੇਅ ਦੀ ਜ਼ਰੂਰਤ ਨਹੀਂ ਹੈ ਕਿਉਂ ਕਿ ਵੱਡੀ ਹੋ ਕੇ ਕਣਕ ਇਹਨਾਂ ਨਦੀਨਾਂ ਨੂੰ ਢੱਕ ਲਵੇਗੀ । ਜਿਹੜੇ ਕਿਸਾਨਾਂ ਨੇ ਮੌਜੂਦਾ ਸਮੇਂ ਕਣਕ ਦੀ ਫਸਲ ਨੂੰ ਦੂਸਰਾ ਪਾਣੀ ਲਾਉਣਾ ਸੀ ਉਹ ਆਪਣੇ ਖੇਤ ਵਿੱਚ ਪਏ ਮੀਂਹ ਅਨੁਸਾਰ ਪਾਣੀ ਨਾ ਲਾਉਣ ਅਤੇ ਜਿੰਨਾ ਕਿਸਾਨਾਂ ਨੇ ਕਣਕ ਦੀ ਫਸਲ ਨੂੰ ਯੂਰੀਆ ਦੀ ਦੂਸਰੀ ਕਿਸ਼ਤ ਦੇਣੀ ਹੈ ਉਹ ਮੌਜੂਦਾ ਸਮੇਂ ਖੇਤ ਵਿੱਚ ਖੋਬਾ ਨਾ ਹੋਣ ਦੀ ਸੂਰਤ ਵਿੱਚ ਖਾਦ ਪਾ ਸਕਦੇ ਹਨ
ਉਹਨਾਂ ਦੱਸਿਆ ਕਿ ਸਮੁੱਚੇ ਤੌਰ ਤੇ ਹੁਣ ਤੱਕ ਹੋਈ ਬਾਰਸ਼ ਕਣਕ ਅਤੇ ਸਰੋ ਦੀ ਫਸਲ ਲਈ ਲਾਹੇਵੰਦ ਹੈ ਅਤੇ ਛੋਲਿਆਂ ਵਾਲੇ ਖੇਤਾਂ ਵਿੱਚ ਜਿੱਥੇ ਪਾਣੀ ਖੜਾ ਹੈ ਪਾਣੀ ਖੇਤ ਚੋ ਬਾਹਰ ਕੱਢ ਦੇਣਾ ਚਾਹੀਦਾ ਹੈ।
ਇਸਦੇ ਨਾਲ ਨਾਲ ਉਹਨਾਂ ਸਮੂੰਹ ਖਾਦ ਵਿਕਰੇਤਾਂਵਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਖਾਦ ਵਿਕਰੇਤਾ ਕਿਸੇ ਕਿਸਾਨ ਨੂੰ ਯੂਰੀਆ ਖਾਦ ਸਰਕਾਰੀ ਰੇਟ ਤੋਂ ਜ਼ਿਆਦਾ ਵੇਚਦਾ ਫੜਿਆ ਗਿਆ ਜਾਂ ਖਾਦ ਨਾਲ ਜ਼ਬਰਦਸਤੀ ਕਿਸਾਨਾਂ ਨੂੰ ਹੋਰ ਵਸਤੂਆਂ ਦਿੰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ




