ਸਮੂਹ ਬੈਂਕ ਅਧਿਕਾਰੀ ਕਮਜ਼ੋਰ ਵਰਗ ਦੇ ਲੋਕਾਂ ਨੂੰ ਆਸਾਨ ਵਿਆਜ਼ ਦਰਾਂ ‘ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ-ਡਿਪਟੀ ਕਮਿਸ਼ਨਰ
ਪੰਜਾਬ ਐਂਡ ਸਿੰਧ ਬੈਂਕ, ਲੀਡ ਬੈਂਕ ਵੱਲੋਂ ਤਰਜੀਹੀ ਖੇਤਰ 'ਚ 74 ਫ਼ੀਸਦੀ ਦਾ ਟੀਚਾ ਕੀਤਾ ਪ੍ਰਾਪਤ

ਮੋਗਾ 7 ਜਨਵਰੀ (Charanjit Singh ) ਸਮੂਹ ਬੈਂਕ ਅਧਿਕਾਰੀ ਗਰੀਬ ਤੇ ਕਮਜੋਰ ਵਰਗ ਦੇ ਲੋਕਾਂ ਨੁੰ ਆਸਾਨ ਵਿਆਜ਼ ਦਰਾਂ ‘ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ, ਤਾਂ ਜੋ ਲੋੜਵੰਦ ਵਿਅਕਤੀ ਸਵੈ-ਰੋਜ਼ਗਾਰ ਅਪਣਾ ਕੇ ਆਪਣਾ ਜੀਵਨ ਨਿਰਬਾਹ ਬਿਹਤਰ ਢੰਗ ਨਾਲ ਕਰ ਸਕਣ।
ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਨੇ ਜ਼ਿਲ੍ਹਾ ਪੱਧਰੀ ਬੈਂਕਰਜ ਰੀਵਿਊ ਕਮੇਟੀ ਦੀ ਤਿਮਾਹੀ ਮੀਟਿੰਗ ਦੌਰਾਨ ਮੀਟਿੰਗ ‘ਚ ਹਾਜ਼ਰ ਜ਼ਿਲ੍ਹੇ ਦੇ ਸਮੂਹ ਬੈਂਕ ਅਧਿਕਾਰੀਆਂ ਨੂੰ ਦਿੱਤੀ।
ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਪੰਜਾਬ ਸਿੰਧ ਬੈਂਕ ਲੀਡ ਬੈਂਕ ਮੋਗਾ ਵੱਲੋਂ ਤਰਜੀਹੀ ਖੇਤਰ ਵਿੱਚ ਓਵਰਆਲ 74 ਫ਼ੀਸਦੀ ਟੀਚਾ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੈਕਟਰ, ਪਰਸਨਲ ਲੋਨ ਵਿੱਚ ਬੈਂਕਾਂ ਵੱਲੋਂ ਵਧੀਆ ਟੀਚੇ ਪ੍ਰਾਪਤ ਕੀਤੇ ਗਏ ਹਨ ਪ੍ਰੰਤੂ ਐਮ.ਐਸ.ਐਮ.ਈ., ਵਿੱਦਿਆ, ਹਾਊਸਿੰਗ, ਰਿਨਿਊਏਬਲ ਐਨਰਜੀ, ਐਕਸਪੋਰਟ ਕ੍ਰੈਡਿਟ, ਸੋਸ਼ਲ ਇਨਫਰਾਸਟਰਕਚਰ ਦੇ ਖੇਤਰ ਵਿੱਚ ਹੋਰ ਸੁਧਾਰ ਲਿਆਉਣ ਦੀ ਲੋੜ ਹੈ।
ਉਨ੍ਹਾਂ ਬੈਕਾਂ ਦੇ ਅਧਿਕਾਰੀਆਂ ਨੂੰ ਆਮ ਜਨਤਾ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਇਸ ਮੌਕੇ ਲੀਡ ਬੈਂਕ ਮੈਨੇਜਰ ਮੋਗਾ ਸ੍ਰੀ ਬਜਰੰਗੀ ਸਿੰਘ ਨੇ ਦੱਸਿਆ ਕਿ ਸਾਲ ਸਾਲ 2021-22 ਦੌਰਾਨ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਮੰਤਰੀ ਜੀਵਨ ਜ਼ੋਤੀ ਬੀਮਾ ਯੋਜਨਾ, ਅਟਲ ਪੈਂਨਸ਼ਨ ਯੋਜਨਾ ਆਦਿ ਵੱਖ ਵੱਖ ਫਲੈਗਸ਼ਿਪ ਸਕੀਮਾਂ ਦੀ ਵੱਖ ਵੱਖ ਬੈਂਕਾਂ ਦੀ ਅਚੀਵਮੈਂਟ ਬਾਰੇ ਰਿਪੋਰਟ ਪੜ੍ਹ ਕੇ ਡਿਪਟੀ ਕਮਿਸ਼ਨਰ ਨੂੰ ਸੁਣਾਈ।
ਮੀਟਿੰਗ ਵਿੱਚ ਦੀਨਦਿਆਲ ਅਨਤੋਦਿਆ ਯੋਜਨਾ ਨੈਸ਼ਨਲ ਰੂਰਲ ਲਿਵਲੀਹੂਡ ਦੀਆਂ ਸਕੀਮਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਸਕੀਮ ਜ਼ਿਲ੍ਹਾ ਮੋਗਾ ਦੇ ਪੰਜ ਬਲਾਕਾਂ ਵਿੱਚ ਲਾਗੂ ਕੀਤੀ ਜਾ ਚੁੱਕੀ ਹੈ। ਇਨ੍ਹਾਂ ਅਧੀਨ ਜ਼ਿਲ੍ਹਾ ਮੋਗਾ ਵਿੱਚ 964 ਸੈਲਫ ਹੈਲਪ ਗਰੁੱਪ ਸਫ਼ਲਤਾਪੂਰਵਕ ਬਣਾਏ ਜਾ ਚੁੱਕੇ ਹਨ ਜਿੱਥੋਂ ਕਿ ਬੇਰੋਜ਼ਗਾਰਾਂ ਨੂੰ ਵਧੀਆ ਰੋਜ਼ਗਾਰ ਮਿਲ ਰਿਹਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਰ.ਪੀ.ਐਸ. ਸੰਧੂ, ਐਲ.ਡੀ.ਓ. ਵਿਕਰਮ ਢੰਡਾ, ਏ.ਜੀ.ਐਮ. ਨਾਬਾਰਡ ਰਸ਼ੀਦ ਲੇਖੀ, ਡਾਇਰੈਕਟਰ ਆਰਸੇਟੀ ਗੌਰਵ ਕੁਮਾਰ, ਲੀਡ ਬੈਂਕ ਦੇ ਐਲ.ਬੀ.ਓ. ਸੀ.ਪੀ. ਸਿੰਘ, ਸਮੂਹ ਬੈਂਕਾਂ ਦੇ ਤਾਲਮੇਲ ਅਫ਼ਸਰ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ/ਨੁਮਾਇੰਦੇ ਹਾਜ਼ਰ ਸਨ।
ਰਸ਼ੀਦ ਲੇਖੀ ਨਾਬਾਰਡ ਨੇ ਡਿਪਟੀ ਕਮਿਸ਼ਨਰ ਅਤੇ ਹਾਊਸ ਦੀ ਮੌਜੂਦਗੀ ਵਿੱਚ ਇੱਕ ਕਿਤਾਬ ਜਿਸਦਾ ਨਾਮ ਪੋਟੈਂਸ਼ੀਅਲ ਲਿੰਕਡ ਕ੍ਰੈਡਿਟ ਪਲਾਨ 2022-23 ਵੀ ਲਾਂਚ ਕੀਤੀ।




