ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਜਿ਼ਲ੍ਹਾ ਵਿੱਚ ਕਰੋਨਾ ਨਾਲ ਸਬੰਧਤ ਨਵੀਆਂ ਪਾਬੰਦੀਆਂ ਨੂੰ 15 ਜਨਵਰੀ ਤੱਕ ਕੀਤਾ ਲਾਗੂ
ਮਾਸਕ ਪਹਿਨਣਾ, ਸਮਾਜਿਕ ਦੂਰੀ ਅਤੇ ਵੈਕਸੀਨੇਸ਼ਨ ਹੋਵੇਗੀ ਜਰੂਰੀ

ਮੋਗਾ, 4 ਦਸੰਬਰ ( Charanjit Singh ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਕਰੋਨਾ ਨਾਲ ਸਬੰਧਤ ਕੁਝ ਨਵੀਆਂ ਪਾਬੰਦੀਆਂ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਜਿ਼ਲ੍ਹਾ ਮੋਗਾ ਦੀ ਹਦੂਦ ਅੰਦਰ 15 ਜਨਵਰੀ, 2022 ਤੱਕ ਪਾਬੰਦੀਆਂ ਲਗਾ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਸਾਰੇ ਵਿਅਕਤੀਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਸਮਾਜਿਕ ਦੂਰੀ ਦੀ ਪਾਲਣਾ ਵੀ ਜਰੂਰੀ ਹੋਵੇਗੀ ਜਿਹੜੀ ਕਿ 6 ਫੁੱਟ ਨਿਸ਼ਚਿਤ ਕੀਤੀ ਗਈ ਹੈ। ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲੱਗੇਗਾ। ਸਾਰੀਆਂ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ਼, ਯੂਨੀਵਰਸਿਟੀਆਂ, ਕੋਚਿੰਗ ਸੈਂਟਰ ਆਦਿ ਫਿਲਹਾਲ ਬੰਦ ਰਹਿਣਗੇ। ਆਨਲਾਈਨ ਟੀਚਿੰਗ ਜਾਰੀ ਰਹੇਗੀ। ਮੈਡੀਕਲ ਨਾਲ ਸਬੰਧਤ ਸੰਸਥਾਵਾਂ ਖੁੱਲ੍ਹੀਆਂ ਰਹਿਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਸਾਰੇ ਬਾਰਜ਼, ਸਿਨੇਮਾ ਹਾਲ, ਮਲਟੀਪਲੈਕਸ, ਮਾਲਜ਼, ਰੈਸਟੋਰੈਂਟ, ਸਪਾਜ਼, ਮਿਊਜ਼ੀਅਮ, ਜੂਅ, 50 ਫੀਸਦੀ ਸਮਰੱਥਾ ਨਾਲ ਖੁੱਲ੍ਹਣ ਦੀ ਆਗਿਆ ਹੋਵੇਗੀ ਅਤੇ ਸਾਰੇ ਸਟਾਫ਼ ਦੇ ਫੁੱਲ ਵੈਕਸੀਨੇਸ਼ਨ ਲੱਗਣੀ ਜਰੂਰੀ ਹੈ।
ਸਾਰੇ ਸਪੋਰਟਸ ਕੰਪਲੈਕਸ, ਸਟੇਡੀਅਮ, ਸਵਿਮਿੰਗ ਪੂਲਜ਼, ਜਿੰਮ ਫਿਲਹਾਲ ਬੰਦ ਰਹਿਣਗੇ। ਏ.ਸੀ. ਬੱਸਾਂ ਨੂੰ ਵੀ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਆਗਿਆ ਹੋਵੇਗੀ। ਕਰੋਨਾ ਦੀਆਂ ਦੋਨੋਂ ਡੋਜਾਂ ਲਗਵਾ ਚੁੱਕੇ ਵਿਅਕਤੀਆਂ ਨੂੰ ਹੀ ਸਰਕਾਰੀ, ਪ੍ਰਾਈਵੇਟ ਦਫ਼ਤਰ, ਵਰਕ ਪਲੇਸ, ਫੈਕਟਰੀ, ਇੰਡਸਟਰੀਜ਼ ਵਿੱਚ ਕੰਮ ਕਰਨ ਦੀ ਆਗਿਆ ਹੋਵੇਗੀ। ਮਾਸਕ ਨਾ ਪਹਿਨਣ ਵਾਲਿਆਂ ਨੂੰ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰਾਂ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੀਆਂ ਕਰੋਨਾ ਨਾਲ ਸਬੰਧਤ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਤਾਂ ਕਿ ਉਹ ਖਤਰਨਾਕ ਕਰੋਨਾ ਵਾਈਰਸ ਦੇ ਵੈਰੀਏਂਟ ਓਮੀਕਰੋਨ ਤੋਂ ਸੁਰੱਖਿਅਤ ਰਹਿ ਸਕਣ।




