ਜ਼ਿਲ੍ਹਾ ਦੇ 12 ਪਿੰਡਾਂ ਵਿੱਚ ਕੀਤਾ ਸਵੀਪ ਮੁਹਿੰਮ ਸੰਬੰਧੀ ਰੈਲੀਆਂ ਦਾ ਆਯੋਜਨ
ਨੌਜਵਾਨਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਲਾਜ਼ਮੀ ਤੌਰ ਤੇ ਵਰਤੋਂ ਕਰਨ ਪ੍ਰਤੀ ਕੀਤਾ ਜਾਗਰੂਕ-ਗੁਰਵਿੰਦਰ ਸਿੰਘ

ਮੋਗਾ, 27 ਦਸੰਬਰ(Charanjit Singh)ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸਵੀਪ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਯੂਥ ਅਫ਼ਸਰ ਮੋਗਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਦੇ ਪੰਜ ਬਲਾਕਾਂ ਮੋਗਾ-1, ਮੋਗਾ-2, ਬਾਘਾਪੁਰਾਣਾ, ਧਰਮਕੋਟ ਅਤੇ ਨਿਹਾਲ ਸਿੰਘ ਵਾਲਾ ਵਿਖੇ ਰਾਸ਼ਟਰੀ ਯੂਥ ਵਲੰਟੀਅਰਾਂ ਵੱਲੋਂ ਸਵੀਪ ਵੋਟਰ ਜਾਗਰੂਕਤਾ ਰੈਲੀਆਂ ਦਾ ਆਯੋਜਨ ਕੀਤਾ ਗਿਆ ਹੈ। ਇਨ੍ਹਾਂ ਰੈਲੀਆਂ ਅਤੇ ਸੈਮੀਨਾਰਾਂ ਦਾ ਮੁੱਖ ਮਕਸਦ ਜ਼ਿਲ੍ਹਾ ਦੇ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ ਸੀ। ਨਹਿਰੂ ਯੁਵਾ ਕੇਂਦਰ ਮੋਗਾ ਦੇ ਵਲੰਟੀਅਰ ਯੂਥ ਕਲੱਬਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਬਿਨ੍ਹਾਂ ਕਿਸੇ ਲਾਲਚ ਤੋਂ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਵੀ ਕਰ ਰਹੇ ਹਨ।ਇਸ ਅਭਿਆਨ ਤਹਿਤ ਜ਼ਿਲ੍ਹਾ ਦੇ 12 ਪਿੰਡਾਂ ਵਿੱਚ ਸਵੀਪ ਮੁਹਿੰਮ ਦੀਆਂ ਰੈਲੀਆਂ ਦਾ ਆਯੋਜਨ ਕੀਤਾ ਗਿਆ ਜਿੰਨ੍ਹਾਂ ਵਿੱਚ ਪਿੰਡ ਬਹਿਰਾਮਕੇ, ਲੌਂਗੀਵਿੰਡ, ਚੀਮਾ, ਨੱਥੂਵਾਲਾ ਜਦੀਦ, ਰਾਮੂੰਵਾਲਾ ਕਲਾਂ, ਪੁਰਾਣੇ ਵਾਲਾ, ਡਗਰੂ, ਡਰੋਲੀ ਭਾਈ, ਬੰਬੀਹਾ ਭਾਈ, ਮਾੜੀ ਮੁਸਤਫਾ, ਸੈਦੋਕੇ ਅਤੇ ਬੀੜ ਬੱਧਨੀਂ ਸ਼ਾਮਿਲ ਹਨ। ਇਨ੍ਹਾਂ ਪਿੰਡਾਂ ਵਿੱਚ ਯੂਥ ਕਲੱਬਾਂ ਅਤੇ ਸਕੂਲੀ ਵਲੰਟੀਅਰਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਸ਼ਾਨਦਾਰ ਰੈਲੀਆਂ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਨਵੀਆ ਵੋਟਾਂ ਬਣਾਉਣ ਸਬੰਧੀ ਫਾਰਮ ਨੰ. 6 ਵੀ ਬਾਲਗ ਵੋਟਰਾਂ ਨੂੰ ਵੰਡੇ ਗਏ।ਸ੍ਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਦੇ ਤਹਿਤ ਆਉਣ ਵਾਲੇ ਦਿਨਾਂ ਵਿੱਚ ਵੀ ਬਾਕੀ ਪਿੰਡਾਂ ਵਿੱਚ ਵੀ ਸੈਮੀਨਾਰ ਅਤੇ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਬਲਾਕ ਪੱਧਰੀ ਵਲੰਟੀਅਰਾਂ ਨੇ ਵਧ-ਚੜ ਕੇ ਹਿੱਸਾ ਲਿਆ।



