ਤਾਜ਼ਾ ਖਬਰਾਂਦੇਸ਼ਰਾਜਰਾਜਨੀਤੀ
ਡਿਪਟੀ ਕਮਿਸ਼ਨਰ ਨੇ ਲਹਿਰਾਇਆ ਕੌਮੀ ਤਿਰੰਗਾ
ਆਉਣ ਵਾਲਾ ਸਮਾਂ ਮਾਨਵਤਾ ਲਈ ਸਿਹਤਮੰਦ ਅਤੇ ਖੁਸ਼ੀਆਂ ਭਰਿਆ ਹੋਵੇ - ਸੰਦੀਪ ਹੰਸ

ਮੋਗਾ, 15 ਅਗਸਤ (ਚਰਨਜੀਤ ਸਿੰਘ ) – ਦੇਸ਼ ਦੀ ਆਜ਼ਾਦੀ ਦਾ 75ਵਾਂ ਦਿਹਾੜਾ ਅੱਜ ਜ਼ਿਲ੍ਹਾ ਮੋਗਾ ਵਿੱਚ ਵੀ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇ ਆ ਗਿਆ। ਹਰ ਵਾਰ ਦੀ ਤਰ੍ਹਾਂ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਦਾਣਾ ਮੰਡੀ ਵਿੱਚ ਕਰਵਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮਾਗਮ ਦੌਰਾਨ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ. ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਏ. ਡੀ. ਜੀ. ਪੀ. (ਪ੍ਰੋਵਿਜ਼ਨਿੰਗ) ਡਾ. ਨਰੇਸ਼ ਅਰੋੜਾ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਮਨਦੀਪ ਕੌਰ ਪੰਨੂੰ, ਜ਼ਿਲ੍ਹਾ ਪੁਲਿਸ ਮੁੱਖੀ ਸ੍ਰ. ਹਰਮਨਬੀਰ ਸਿੰਘ ਗਿੱਲ, ਸਾਬਕਾ ਮੰਤਰੀ ਸ੍ਰੀਮਤੀ ਮਾਲਤੀ ਥਾਪਰ, ਸਾਬਕਾ ਵਿਧਾਇਕ ਸ੍ਰੀ ਵਿਜੇ ਸਾਥੀ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ੍ਰ. ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਸ੍ਰ. ਇੰਦਰਜੀਤ ਸਿੰਘ ਬੀੜ ਚੜਿੱਕ, ਨਗਰ ਸੁਧਾਰ ਟਰੱਸਟ ਚੇਅਰਮੈਨ ਸ੍ਰੀ ਵਿਨੋਦ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਸਾਹਿਬਾਨ, ਹੋਰ ਅਧਿਕਾਰੀ ਅਤੇ ਦਰਸ਼ਕ ਮੌਜੂਦ ਸਨ।
ਇਸ ਮੌਕੇ ਤਿਰੰਗਾ ਲਹਿਰਾਉਣ ਤੋਂ ਬਾਅਦ ਜ਼ਿਲ੍ਹਾ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਸ਼੍ਰੀ ਹੰਸ ਨੇ ਕਿਹਾ ਕਿ ਜਦੋਂ ਇਸ ਦੇਸ਼ ਤੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਉਸ ਸਮੇਂ ਇਹ ਹਰ ਇੱਕ ਹਿੰਦੋਸਤਾਨੀ ਦਾ ਸੁਪਨਾ ਸੀ ਕਿ ਉਹ ਗੁਲਾਮੀ ਦੀਆਂ ਜ਼ੰਜੀਰਾ ਨੂੰ ਤੋੜਕੇ ਇਸ ਦੇਸ਼ ਨੂੰ ਅਜ਼ਾਦ ਕਰਵਾਏ। ਅਜ਼ਾਦੀ ਦੀ ਇਸ ਲੜਾਈ ਵਿੱਚ ਕੁਝ ਸੁਤੰਤਰਤਾ ਸੈਨਾਨੀ ਇਤਿਹਾਸ ਦੇ ਪੰਨਿਆਂ ਵਿੱਚ ਅਮੁੱਲੀ ਛਾਪ ਛੱਡ ਗਏ ਅਤੇ ਕੁਝ ਆਪਣਾ ਯੋਗਦਾਨ ਪਾਉਂਦੇ ਹੋਏ ਗੁੰਮਨਾਮੀ ਦੇ ਸਾਏ ਵਿੱਚ ਗੁੰਮ ਹੋ ਗਏ। ਅਜ਼ਾਦੀ ਦੀ ਲੜਾਈ ਵਿੱਚ ਜਿੱਥੇ ਮਹਾਤਮਾ ਗਾਂਧੀ ਵਰਗੇ ਉੱਘੇ ਅਹਿੰਸਾਵਾਦੀਆਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ ਉੱਥੇ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਦੀਵਾਨ ਸਿੰਘ ਕਾਲੇਪਾਣੀ, ਊਧਮ ਸਿੰਘ ਦੇ ਬਲੀਦਾਨਾਂ ਦੀ ਵੀ ਯਾਦ ਦਿਵਾਉਂਦੀ ਹੈ। ਜ਼ਿਲ੍ਹਾ ਮੋਗਾ ਲਈ ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਇਥੋਂ ਦੇ ਇਤਿਹਾਸਕ ਪਿੰਡ ਢੁੱਡੀਕੇ ਦੀ ਧਰਤੀ ਉੱਤੇ ਜਨਮੇ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਤੋਂ ਅੰਗਰੇਜ਼ ਹੁਕੂਮਤ ਪੂਰੀ ਖੌਫ਼ਜ਼ਦਾ ਸੀ। ਗਦਰ ਲਹਿਰ, ਕੂਕਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਪਗੜੀ ਸੰਭਾਲ ਲਹਿਰ, ਭਾਰਤ ਛੱਡੋ ਅੰਦੋਲਨ ਵਰਗੇ ਸੰਘਰਸਾਂ ਦੀ ਬਦੌਲਤ ਹੀ 15 ਅਗਸਤ, 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਦੇਸ਼ ਦੀ ਅਜ਼ਾਦੀ ਲਈ ਪ੍ਰਾਣਾਂ ਦੀ ਅਹੂਤੀ ਦੇਣ ਵਾਲਿਆਂ ਵਿੱਚ ਤਕਰੀਬਨ 80 ਫੀਸਦੀ ਲੋਕ ਪੰਜਾਬੀ ਸਨ। ਇਹ ਦਿਹਾੜਾ ਸਾਨੂੰ ਉਨਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਅਗਾਂਹਵਧੂ ਸੋਚ ਨਾਲ ਜ਼ਿਲ੍ਹਾ ਮੋਗਾ ਦੇ ਵਿਕਾਸ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਤਹਿਤ ਕਈ ਕਦਮ ਚੁੱਕੇ ਗਏ ਹਨ ਜਿਸ ਦਾ ਅਸਰ ਹੋਲੀ-ਹੋਲੀ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਦੀ ਮਿਸਾਲ ਉਤਸ਼ਾਹ ਨਾਲ ਚੱਲ ਰਿਹਾ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਹੈ। ਨੀਤੀ ਆਯੋਗ ਵੱਲੋਂ ਸਾਲ 2018 ਤੋਂ ਚਲਾਏ ਜਾ ਰਹੇ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਦਾ ਉਦੇਸ਼ ਚੋਣਵੇਂ ਜ਼ਿਲਿਆਂ ਦੀ ਨੁਹਾਰ ਨੂੰ ਬਦਲਣਾ ਅਤੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣਾ ਹੈ। 3 ਕਰੋੜ ਰੁਪਏ ਦੀ ਪ੍ਰਾਪਤ ਹੋ ਚੁੱਕੀ ਰਾਸ਼ੀ ਨਾਲ ਜ਼ਿਲ੍ਹਾ ਪ੍ਰਸਾਸ਼ਨ ਮੋਗਾ ਵੱਲੋਂ ਪਰਾਲੀ ਨੂੰ ਸਾੜਨ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ 20 ਬੇਲਰ ਖਰੀਦੇ ਜਾ ਰਹੇ ਹਨ ਜਿਸ ਦੀ ਟੈਂਡਰ ਪ੍ਰਕਿਰਿਆ ਜਾਰੀ ਹੈ। ਮਹੀਨਾ ਸਤੰਬਰ ਤੱਕ ਇਹ ਬੇਲਰ ਖਰੀਦ ਕਰ ਕੇ ਇਸ ਜ਼ਿਲੇ ਦੇ ਕਿਸਾਨਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਨੀਤੀ ਆਯੋਗ ਵੱਲੋਂ ਪੂਰੇ ਭਾਰਤ ਵਿੱਚ 100 ਕਰੋੜ ਰੁੱਖ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ ਜਿਸ ਅਨੁਸਾਰ ਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ (ਪੰਜਾਬ) ਅਤੇ ਰਾਂਚੀ (ਝਾਰਖੰਡ) ਨੂੰ ਪਾਈਲਟ ਪ੍ਰੋਜੈਕਟ ਵਜੋਂ ਚੁਣਿਆ ਗਿਆ ਹੈ। ਇਸ ਪ੍ਰੋਜੈਕਟ ਅਧੀਨ ਕੁੱਲ 656 ਸਰਕਾਰੀ/ਗੈਰ ਸਰਕਾਰੀ ਥਾਵਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ, ਜਿੱਥੇ ਇਸ ਸਾਲ ਲਗਭੱਗ ਤਿੰਨ ਲੱਖ ਪੌਦੇ ਲਗਾਉਣ ਦਾ ਟੀਚਾ ਹੈ। ਪ੍ਰੋਜੈਕਟ ਨੂੰ ਵਧੇਰੇ ਕਾਮਯਾਬ ਬਣਾਉਣ ਲਈ ਗ੍ਰਾਮ ਪੰਚਾਇਤਾਂ, ਕਿਸਾਨਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਵਿਖੇ 1000 ਲੀਟਰ ਅਤੇ 500 ਲੀਟਰ ਪ੍ਰਤੀ ਮਿੰਟ ਸਮਰੱਥਾ ਵਾਲੇ 2 ਪੀ. ਐੱਸ. ਏ. / ਆਕਸੀਜਨ ਉਤਪਾਦਨ ਪਲਾਂਟ ਲਗਭਗ ਤਿਆਰ ਹੋ ਗਏ ਹਨ। ਉਮੀਦ ਹੈ ਕਿ ਇਹ ਅਗਲੇ 10 ਦਿਨਾਂ ਵਿੱਚ ਮੋਗਾ ਵਾਸੀਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਜਿੱਥੇ ਆਉਣ ਵਾਲੀ ਤੀਸਰੀ ਲਹਿਰ ਲਈ ਬੁਨਿਆਦੀ ਸਹੂਲਤਾਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ ਉੱਥੇ 18 ਸਾਲ ਤੋਂ ਵੱਧ ਉਮਰ ਦੇ 100 % ਲੋਕਾਂ ਦਾ ਮੁਫ਼ਤ ਟੀਕਾਕਰਨ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਮੁੱਖ ਟੀਚਾ ਹੈ। ਉਨ੍ਹਾਂ ਫਰੰਟਲਾਈਨ ਵਰਕਰਾਂ, ਸੈਨੀਟੇਸ਼ਨ ਵਰਕਰਾਂ, ਹੈਲਥ ਵਰਕਰਾਂ, ਮੈਡੀਕਲ ਸਟਾਫ, ਜ਼ਿਲ੍ਹਾ ਪੁਲਿਸ ਮੋਗਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਲਾਮ ਕੀਤਾ ਜਿੰਨ੍ਹਾਂ ਨੇ ਇਸ ਮਹਾਂਮਾਰੀ ਖਿਲਾਫ ਅਣਥੱਕ ਲੜਾਈ ਲੜੀ।
ਉਨ੍ਹਾਂ ਕਿਹਾ ਕਿ ਅਜ਼ਾਦੀ ਪਾਉਣ ਉਪਰੰਤ ਦੇਸ਼ ਦੀ ਪ੍ਰਗਤੀ ਦੇ 75 ਸਾਲਾਂ ਵਿੱਚ ਬਦਲੇ ਹੋਏ ਸਮੀਕਰਨ ਸਾਨੂੰ ਇਸ ਗੱਲ ਦਾ ਅਹਿਸਾਸ ਦਿਵਾਉਂਦੇ ਹਨ ਕਿ ਪੰਜਾਬ ਨੂੰ ਇਕ ਬਿਹਤਰੀਨ ਸੂਬਾ ਬਣਾਉਣ ਲਈ ਅਨੁਸ਼ਾਸ਼ਨ ਅਤੇ ਇਮਾਨਦਾਰੀ ਦਾ ਰਸਤਾ ਅਖਤਿਆਰ ਕਰਨਾ ਪਵੇਗਾ। ਉਨ੍ਹਾਂ ਸੱਦਾ ਦਿੱਤਾ ਕਿ ਆਓ ਅਸੀਂ ਸਾਰੇ ਸੂਬੇ ਦੀ ਤਰੱਕੀ ਲਈ ਆਪਣਾ-ਆਪਣਾ ਬਣਦਾ ਯੋਗਦਾਨ ਪਾਈਏ ਅਤੇ ਸਮਾਜ ਦੇ ਹਰ ਵਰਗ ਦੇ ਵਿਅਕਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੂਬੇ ਨੂੰ ਸਿਖਰਾ ਤੇ ਲੈ ਕੇ ਚੱਲੀਏ। ਉਨ੍ਹਾਂ ਉਮੀਦ ਕੀਤੀ ਕਿ ਪ੍ਰਮਾਤਮਾ ਸਭ ਨੂੰ ਸੁਮੱਤ ਬਖ਼ਸ਼ੇ ਅਤੇ ਆਉਣ ਵਾਲਾ ਸਮਾਂ ਪੂਰੀ ਮਾਨਵਤਾ ਲਈ ਸਿਹਤ ਅਤੇ ਖੁਸ਼ੀਆਂ ਭਰਿਆ ਹੋਵੇ।
ਸਮਾਗਮ ਦੌਰਾਨ ਵੱਖ-ਵੱਖ ਪਰੇਡ ਟੁਕੜੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਰਾਸ਼ਟਰੀ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਸਟੇਡੀਅਮ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। ਨਗਰ ਨਿਗਮ ਵੱਲੋਂ ਇੱਕ ਵਿਸ਼ੇਸ਼ ਸਟਾਲ ਲਗਾ ਕੇ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣ ਅਤੇ ਇਸ ਨੂੰ ਖਾਦ ਦੇ ਰੂਪ ਵਿੱਚ ਵਿਕਸਤ ਕਰਨ ਦੀ ਜਾਗਰੂਕਤਾ ਫੈਲਾਈ ਗਈ। ਜ਼ਿਲ੍ਹਾ ਪੁਲਿਸ ਮੋਗਾ ਵਿੱਚ ਸੁਰੱਖਿਆ ਦੇ ਬਹੁਤ ਹੀ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਕੋਵਿਡ 19 ਦੇ ਚੱਲਦਿਆਂ ਅਜ਼ਾਦੀ ਘੁਲਾਟੀਏ ਪਰਿਵਾਰਾਂ ਅਤੇ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਦੇ ਸਨਮਾਨ ਉਨ੍ਹਾਂ ਘਰਾਂ ਵਿੱਚ ਹੀ ਭੇਜ ਦਿੱਤੇ ਗਏ ਸਨ।
15 ਮਿੰਟ ਦੀ ਵੀਡੀਓ ਨੇ ਸਾਰੇ ਦਰਸ਼ਕਾਂ ਦਾ ਧਿਆਨ ਖਿੱਚਿਆ
ਕੋਵਿਡ 19 ਦੀਆਂ ਹਦਾਇਤਾਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮਾਂ ਵਿੱਚ ਵਿਕਾਸ ਝਾਕੀਆਂ ਨਾ ਕੱਢਣ ਦਾ ਫੈਸਲਾ ਕੀਤਾ ਗਿਆ ਸੀ ਪਰ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀ ਵਿਸ਼ੇਸ਼ ਪਹਿਲਕਦਮੀ ਉੱਤੇ ਇੱਕ 15 ਮਿੰਟ ਦੀ ਵੀਡੀਓ ਫ਼ਿਲਮ ਤਿਆਰ ਕਰਵਾਈ ਗਈ, ਜਿਸ ਨੇ ਸਾਰੇ ਦਰਸ਼ਕਾਂ ਦਾ ਧਿਆਨ ਖਿੱਚਿਆ। ਮੋਗਾ ਦੇ ਐੱਸ. ਡੀ. ਐੱਮ. ਸ੍ਰ. ਸਤਵੰਤ ਸਿੰਘ ਦੀ ਵਿਸ਼ੇਸ਼ ਨਿਗਰਾਨੀ ਹੇਠ ਤਿਆਰ ਕੀਤੀ ਗਈ ਇਸ ਫਿਲਮ ਵਿੱਚ ਜ਼ਿਲ੍ਹਾ ਮੋਗਾ ਦਾ ਨਾਮ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਵਾਲੇ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ, ਫਿਲਮ ਅਦਾਕਾਰ ਸੋਨੂੰ ਸੂਦ, ਪ੍ਰਸਿੱਧ ਵਿਗਿਆਨੀ ਸ੍ਰੀ ਨਰਿੰਦਰ ਸਿੰਘ ਕਪਾਨੀ, ਕ੍ਰਿਕਟਰ ਹਰਮਨਪ੍ਰੀਤ ਕੌਰ, ਗੋਲਾ ਸੁਟਾਵਾ ਤੇਜਿੰਦਰਪਾਲ ਸਿੰਘ ਤੂਰ, ਪ੍ਰਸਿੱਧ ਲੇਖਕ ਬਾਬੂ ਰਜਬ ਅਲੀ, ਸਾਧੂ ਦਇਆ ਸਿੰਘ, ਜਸਵੰਤ ਸਿੰਘ ਕੰਵਲ, ਲੇਖਕ ਬਲਦੇਵ ਸਿੰਘ ਸੜਕਨਾਮਾ, ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ, ਪ੍ਰਿੰਸੀਪਲ ਕਨ੍ਹਈਆ ਲਾਲ ਕਪੂਰ, ਨਾਇਕ ਬੂਟਾ ਸਿੰਘ, ਡਾ. ਮਥਰਾ ਦਾਸ ਪਾਹਵਾ, ਖ਼ਿਡਾਰੀ ਭਗਵਾਨ ਸਿੰਘ ਠੱਠੀ ਭਾਈ, ਖ਼ਿਡਾਰੀ ਹਰਪ੍ਰੀਤ ਸਿੰਘ ਬਰਾੜ ਆਦਿ ਦੇ ਲਾਮਿਸਾਲ ਯੋਗਦਾਨ ਨੂੰ ਯਾਦ ਕਰਨ ਦੇ ਨਾਲ-ਨਾਲ ਜ਼ਿਲ੍ਹਾ ਮੋਗਾ ਵਿੱਚ ਦਿੱਤੀਆਂ ਜਾ ਰਹੀਆਂ ਲੋਕ ਸੁਵਿਧਾਵਾਂ ਅਤੇ ਵਿਕਾਸ ਕਾਰਜਾਂ ਦਾ ਵੀ ਵਰਨਣ ਪੇਸ਼ ਕੀਤਾ ਗਿਆ। ਇਸ ਵੀਡੀਓ ਨੂੰ ਹਾਜ਼ਰ ਸਖ਼ਸ਼ੀਅਤਾਂ ਨੇ ਕਾਫੀ ਸਰਾਹਿਆ।






