( ਚਰਨਜੀਤ ਸਿੰਘ )
ਸਮਾਜ ਦੇ ਚੌਥੇ ਥੰਮ੍ਹ ਵਜੋਂ ਜਾਣੇ ਜਾਂਦੇ ਪੱਤਰਕਾਰ ਭਾਈਚਾਰੇ ਦੀ ਨਿਰਪੱਖ ਅਤੇ ਨਿਡਰ ਸੇਵਾ ਨੂੰ ਸਲਾਮ ਕਰਦਿਆਂ ਭਾਈ ਘਨ੍ਹੱਈਆ ਏਕਤਾ ਕਾਲਜ ਦੇ ਡਾਇਰੈਕਟਰ ਅਤੇ ਪੰਜਾਬ ਨਰਸਿੰਗ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਸ. ਗੁਰਦਿਆਲ ਸਿੰਘ ਬੁੱਟਰ ਵੱਲੋਂ ਧਰਮਕੋਟ ਦੇ ਦੋ ਪੱਤਰਕਾਰ ਅਤੇ ਰਿਟਾਇਰਡ ਡੀ ਪੀ ਆਰ ਓ ਮੋਗਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਵਿਹੜੇ ਵਿੱਚ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਪ੍ਰੈਸ ਕਲੱਬ (ਰਜਿ.) ਧਰਮਕੋਟ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ, ਜਨਰਲ ਸਕੱਤਰ ਹਰਜੀਤ ਸਿੰਘ ਬਹਿਲ ਅਤੇ ਰਿਟਾਇਰਡ ਡੀ.ਪੀ.ਆਰ.ਉ ਸ੍ਰ ਗਿਆਨ ਸਿੰਘ ਮੋਗਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਮੌਕੇ ਉਹਨਾਂ ਦੇ ਨਾਲ ਚੈਅਰਮੈਨ ਬਲਤੇਜ ਸਿੰਘ ਗਿੱਲ ਪ੍ਰਿੰਸੀਪਲ ਡਾਕਟਰ ਦਲਜੀਤ ਕੌਰ ਤੂਰ ਡਰਾਇਕਟਰ ਪਰਮਪਾਲ ਸਿੰਘ ਬੁੱਟਰ ਸਮੇਤ ਸਮੂਹ ਮੈਨੇਜਮੈਂਟ ਸਟਾਫ ਅਤੇ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ. ਗੁਰਦਿਆਲ ਸਿੰਘ ਬੁੱਟਰ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਬਿਨ੍ਹਾਂ ਕਿਸੇ ਡਰ-ਭੈਅ ਤੋਂ, ਮੁਕਤ ਹੋ ਕੇ ਨਿਰਪੱਖ ਪੱਤਰਕਾਰੀ ਕਰਨਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੇ ਪੱਤਰਕਾਰ ਸਮਾਜ ਦੀਆਂ ਚੰਗਿਆਈਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਵੀ ਬੜੀ ਬੇਬਾਕੀ ਨਾਲ ਸਰਕਾਰ ਦੇ ਧਿਆਨ ਵਿੱਚ ਲਿਆ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਹਨਾਂ ਤਿੰਨਾਂ ਸ਼ਖ਼ਸੀਅਤਾਂ ਨੇ ਧਰਮਕੋਟ ਹਲਕੇ ਦਾ ਨਾਮ ਨਿਰਪੱਖ ਪੱਤਰਕਾਰੀ ਦੇ ਖੇਤਰ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹਨਾਂ ਦਾ ਮਾਣ-ਸਨਮਾਨ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।
ਇਸ ਮੌਕੇ ਸਨਮਾਨਿਤ ਹੋਏ ਪੱਤਰਕਾਰਾਂ ਨੇ ਭਾਈ ਘਨ੍ਹੱਈਆ ਕਾਲਜ ਦੇ ਡਾਇਰੈਕਟਰ ਗੁਰਦਿਆਲ ਸਿੰਘ ਬੁੱਟਰ ਅਤੇ ਸਮੂਹ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਪੱਤਰਕਾਰੀ ਕਰਦੇ ਰਹਿਣ ਦਾ ਪ੍ਰਣ ਦੁਹਰਾਇਆ।


