ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਆਰਸੇਟੀ ਮੋਗਾ ਨੇ ਕੀਤੀ ਸੰਸਥਾ ਦੀ ਤਿਮਾਹੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ
ਸਮੇਂ ਦੀ ਮੰਗ ਅਨੁਸਾਰ ਕਿੱਤਾਮੁੱਖੀ ਸਿਖਲਾਈ ਕੋਰਸ ਸ਼ੁਰੂ ਕਰਨ ਦੀ ਕੀਤੀ ਹਦਾਇਤ

ਮੋਗਾ, 30 ਦਸੰਬਰ( Charanjit Singh )
ਅੱਜ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ ) ਮੋਗਾ ਸ੍ਰੀ ਹਰੀਸ਼ ਨਈਅਰ ਨੇ ਇਸਦੀ ਤਿਮਾਹੀ ਰਿਵਿਊ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ਼) ਸ੍ਰੀ ਹਰਚਰਨ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਹਰੀਸ਼ ਨਈਅਰ ਨੇ ਇਸਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇੱਥੇ ਆਉਣ ਵਾਲੇ ਸਿਖਿਆਰਥੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਵੈ-ਰੋਜ਼ਗਾਰ ਅਪਣਾ ਕੇ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕਰਨ ‘ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਅਪਨਾਉਣ ਵਾਲੇ ਕੰਮ ਧੰਦੇ ਬਾਰੇ ਭਵਿੱਖ ਦੀ ਯੋਜਨਾ ਤਿਆਰ ਕਰਕੇ ਦ੍ਰਿੜ ਇਰਾਦੇ ਨਾਲ ਉਸ ਟੀਚੇ ਦੀ ਪ੍ਰਾਪਤੀ ਲਈ ਯਤਨ ਕਰਨ।
ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਆਰਸੇਟੀ ਅਧੀਨ ਕਰਵਾਏ ਜਾਣ ਵਾਲੇ ਕੋਰਸਾਂ ਵਿੱਚ ਭਵਿੱਖ ਦੀਆਂ ਨਵੀਆਂ ਤਕਨੀਕਾਂ ‘ਤੇ ਆਧਾਰਿਤ ਕਿੱਤਾਮੁਖੀ ਕੋਰਸਾਂ ਦੀ ਸ਼ੁਰੂਆਤ ਵੀ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਇਸ ਸਿਖਲਾਈ ਦੇ ਆਧਾਰ ‘ਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਇਸਦੀ ਪ੍ਰਫੁੱਲਤਾ ਦੇ ਰਾਹ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਇੰਡਸਟਰੀਜ਼ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਮੰਗ ਅਨੁਸਾਰ ਸਿਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਦੀ ਹਦਾਇਤ ਵੀ ਕੀਤੀ ਤਾਂ ਕਿ ਸਿਖਿਆਰਥੀਆਂ ਨੂੰ ਛੇਤੀ ਤੋਂ ਛੇਤੀ ਰੋਜ਼ਗਾਰ ਦਿਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੰਪਿਊਟਰ ਦੀ ਚੰਗੀ ਮੁਹਾਰਤ ਹੋਣ ਨਾਲ ਵੀ ਸਿਖਿਆਰਥੀਆਂ ਨੂੰ ਰੋਜ਼ਗਾਰ ਜਾਂ ਸਵੈ ਰੋਜ਼ਗਾਰ ਹਾਸਲ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ। ਇਸ ਲਈ ਇਨ੍ਹਾਂ ਕੋਰਸਾਂ ਦਾ ਵੀ ਸਿਖਿਆਰਥੀਆਂ ਨੂੰ ਆਰਸੇਟੀ ਜਰੀਏ ਪੂਰਨ ਲਾਭ ਦਿਵਾਇਆ ਜਾਵੇ।
ਮੀਟਿੰਗ ਵਿੱਚ ਹਾਜ਼ਰ ਆਰਸੇਟੀ ਡਾਇਰੈਕਟਰ ਸ੍ਰੀ ਗੌਰਵ ਕੁਮਾਰ ਨੇ ਡਿਪਟੀ ਕਮਿਸ਼ਨਰ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ 2009 ਤੋ ਸ਼ੁਰੂ ਹੋਈ ਇਸ ਸੰਸਥਾ ਵੱਲੋਂ ਹੁਣ ਤੱਕ ਵੱਖ ਵੱਖ ਸਿਖਲਾਈ ਕੋਰਸਾਂ ਵਿੱਚ 6,468 ਸਿਖਿਆਰਥੀ ਸਿਲਾਈ ਕਢਾਈ, ਬਿਊਟੀ ਪਾਰਲਰ, ਡੇਅਰੀ ਫਾਰਮਿੰਗ, ਕੰਪਿਊਟਰ ਬੇਸਿਕ ਅਤੇ ਪਲੰਬਰ ਆਦਿ ਵੱਖ-ਵੱਖ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਵਿੱਚੋ 4,681 ਸਿਖਿਆਰਥੀ ਆਪਣਾ ਖੁਦ ਦਾ ਧੰਦਾ ਸ਼ੁਰੂ ਕਰਕੇ ਆਤਮ-ਨਿਰਭਰ ਹੋਣ ਵਿੱਚ ਸਫ਼ਲ ਹੋਏ ਹਨ ਅਤੇ 1955 ਸਿਖਿਆਰਥੀਆਂ ਨੂੰ ਆਤਮ ਨਿਰਭਰ ਹੋਣ ਲਈ ਬੈਕਾਂ ਪਾਸੋ ਕਰਜ਼ਾ ਮੁਹੱਈਆ ਕਰਵਾਇਆ ਜਾ ਚੁੱਕਾ ਹੈ।
ਇਸ ਮੌਕੇ ਡਾਇਰੈਕਟਰ ਨੇ ਆਰਸੇਟੀ ਸੰਸਥਾ ਦੀ ਤਿਮਾਹੀ ਰਿਪੋਰਟ ਦਿੰਦਿਆਂ ਦੱਸਿਆ ਕਿ ਸਤੰਬਰ, 2021 ਤੱਕ ਵੱਖ-ਵੱਖ 7 ਸਿਖਲਾਈ ਪ੍ਰੋਗਰਾਮਾਂ ਅਧੀਨ 220 ਸਿਖਿਆਰਥੀਆਂ ਨੇ ਸਫ਼ਲਤਾਪੂਰਵਕ ਸਿਖਲਾਈ ਪ੍ਰਾਪਤ ਕੀਤੀ ਹੈ। ਇਨ੍ਹਾਂ ਸਿਖਲਾਈ ਪ੍ਰਾਪਤ ਸਿਖਿਆਰਥੀਆਂ ਵਿੱਚੋਂ 150 ਸਿਖਿਆਰਥੀਆਂ ਨੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ।
ਇਸ ਮੌਕੇ ਹਾਜ਼ਰ ਲੀਡ ਜ਼ਿਲ੍ਹਾ ਮੈਨੇਜਰ ਬਜਰੰਗੀ ਸਿੰਘ ਨੇ ਜ਼ਿਲ੍ਹੇ ਦੀਆਂ ਸਮੂਹ ਬੈਕਾਂ ਵੱਲੋ ਭਰੋਸਾ ਦਿਵਾਇਆ ਕਿ ਬੈਕਾਂ ਵੱਲੋ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋ ਵੱਧ ਕਰਜ਼ੇ ਮੁਹੱਈਆ ਕਰਵਾਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਤੋ ਪਹਿਲਾਂ ਆਰਸੇਟੀ ਮੋਗਾ ਦੀ ਤਿਮਾਹੀ ਮੀਟਿੰਗ ਦੌਰਾਨ ਤਿਮਾਹੀ ਰਿਪੋਰਟ ਪੇਸ਼ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਨੇ ਪੰਜਾਬ ਐਡ ਸਿੰਘ ਬੈਂਕ ਆਰਸੇਟੀ ਦੇ ਕੰਮ-ਕਾਜ ਦਾ ਨਿਰੀਖਣ ਕਰਦਿਆਂ ਵਿਸਥਾਰ ਵਿੱਚ ਮੈਂਬਰਾਂ ਪਾਸੋਂ ਜਾਣਕਾਰੀ ਹਾਸਲ ਕੀਤੀ।
Happy New Year 2022





