ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਰਸਮੀ ਸ਼ੁਰੂਆਤ
ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦੀ ਅਪੀਲ

ਮੋਗਾ, 17 ਸਤੰਬਰ: ( ਚਰਨਜੀਤ ਸਿੰਘ )
ਭਾਰਤ ਸਰਕਾਰ ਅਤੇ ਡੀ.ਡਬਲਿਊ.ਐੱਸ.ਐੱਸ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਅੱਜ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ ਗਈ। ਇਹ ਵਿਸ਼ੇਸ਼ ਸਵੱਛਤਾ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ 2026 ਤੱਕ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਲੋਕਾਂ ਦੀ ਸਰਗਰਮ ਭਾਗੀਦਾਰੀ ਰਾਹੀਂ ਸਵੱਛ ਅਤੇ ਸਾਫ਼-ਸੁਥਰਾ ਵਾਤਾਵਰਨ ਯਕੀਨੀ ਬਣਾਉਣਾ ਹੈ।
ਹਲਕਾ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਸਵੱਛਤਾ ਨੂੰ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਵੱਛਤਾ ਸਿਰਫ਼ ਸਰਕਾਰੀ ਵਿਭਾਗਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ, ਪੰਚਾਇਤ ਅਤੇ ਸਮਾਜਿਕ ਸੰਸਥਾ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਅਤੇ ਹੋਰਨਾਂ ਨੂੰ ਵੀ ਸਵੱਛਤਾ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਪੰਚਾਇਤ ਨੁਮਾਇੰਦਿਆਂ ਨੂੰ ਆਪਣੇ ਪਿੰਡਾਂ ਵਿੱਚ ਸਫ਼ਾਈ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ, ਗਿੱਲੇ ਅਤੇ ਸੁੱਕੇ ਕੂੜੇ ਦੀ ਯੋਗ ਸੰਭਾਲ ਅਤੇ ਸਾਫ਼-ਸੁਥਰੇ ਜਨਤਕ ਸਥਾਨਾਂ ਦੀ ਸੰਭਾਲ ਲਈ ਪ੍ਰੇਰਿਤ ਕਰਨ ’ਤੇ ਜ਼ੋਰ ਦਿੱਤਾ।
ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਸਫ਼ਾਈ ਗਤੀਵਿਧੀਆਂ, ਜਾਗਰੂਕਤਾ ਕਾਰਜਕ੍ਰਮ, ਜਨਤਕ ਸਥਾਨਾਂ ਦੀ ਸਫ਼ਾਈ ਅਤੇ ਸਵੱਛਤਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਪੰਚਾਇਤਾਂ, ਸਥਾਨਕ ਵਸਨੀਕਾਂ, ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਾਗੀਦਾਰੀ ਨਾਲ ਮੁਹਿੰਮ ਨੂੰ ਲੋਕ ਲਹਿਰ ਦਾ ਰੂਪ ਦੇਣ ਲਈ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਲੋਕਾਂ ਦੀ ਸਾਂਝੀ ਭਾਗੀਦਾਰੀ ਨਾਲ ਹੀ ਸਵੱਛ, ਸਿਹਤਮੰਦ ਅਤੇ ਸੁੰਦਰ ਮੋਗਾ ਦੀ ਸਿਰਜਣਾ ਸੰਭਵ ਹੈ।




