ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀ.ਐਚ.ਡੀ ਵਿੱਦਿਆ ਵਾਸਤੇ ਬੁੱਟਰ ਸਕੂਲ ਦੇ ਵਿਦਿਆਰਥੀਆਂ ਦਾ ਚੁਣਿਆ ਜਾਣਾ ਫ਼ਖ਼ਰ ਵਾਲੀ ਗੱਲ – ਕੈਪਟਨ ਜਸਵੰਤ ਸਿੰਘ ਪੰਡੋਰੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀ.ਐਚ.ਡੀ ਵਿੱਦਿਆ ਵਾਸਤੇ ਬੁੱਟਰ ਸਕੂਲ ਦੇ ਵਿਦਿਆਰਥੀਆਂ ਦਾ ਚੁਣਿਆ ਜਾਣਾ ਫ਼ਖ਼ਰ ਵਾਲੀ ਗੱਲ – ਕੈਪਟਨ ਜਸਵੰਤ ਸਿੰਘ ਪੰਡੋਰੀ।
ਮੋਗਾ 13 ਜੁਲਾਈ ( ਚਰਨਜੀਤ ਸਿੰਘ) ਜਿੱਥੇ ਪੰਜਾਬ ਅੰਦਰ ਅਨੇਕਾਂ ਸਮਾਜ ਸੇਵੀ ਸੰਸਥਾਵਾਂ, ਕਲੱਬਾਂ, ਫਾਊਡੇਸ਼ਨਾਂ ਅਤੇ ਟਰੱਸਟ ਵੱਖ-ਵੱਖ ਸਮਾਜ ਸੇਵਾ ਦੇ ਕਾਰਜਾਂ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉੱਥੇ ਸੱਤ ਸਮੁੰਦਰੋਂ ਪਾਰ ਵਸਦੇ ਪੰਜਾਬੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਦੇ ਸਿਧਾਂਤ ਉੱਪਰ ਚਲਦਿਆਂ ਦਸਵੰਧ ਦੇ ਰੂਪ ਵਿੱਚ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਅਜਿਹੀ ਹੀ ਮਿਸਾਲ ਮੋਗਾ ਲਾਗੇ ਪੈਂਦੇ ਪਿੰਡ ਬੁੱਟਰ ਵਿਖੇ ਦੇਖਣ ਨੂੰ ਮਿਲੀ । ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਿਲ ਕਰਵਾਉਣ ਦੇ ਮੰਤਵ ਨਾਲ ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਾਈਆਂ ਦੇ ਸੰਚਾਲਕ ਕੈਪਟਨ ਜਸਵੰਤ ਸਿੰਘ ਪੰਡੋਰੀ ਅਤੇ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਦੇ ਉਪਰਾਲੇ ਸਦਕਾ ਭਾਈ ਬਲਵਿੰਦਰ ਸਿੰਘ ਖਾਲਸਾ ਯੂ.ਐਸ.ਏ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੁੱਟਰ ਦੇ ਵਿਦਿਆਰਥੀਆਂ ਸੰਤੋਖ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਧਰਮਵੀਰ ਸਿੰਘ ਪੁੱਤਰ ਕਰਮਜੀਤ ਸਿੰਘ ਨੂੰ ਨਿਸ਼ਾਨ ਏ ਸਿੱਖੀ ਅਕੈਡਮੀ ਸ਼੍ਰੀ ਖੰਡੂਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀ ਐਚ ਡੀ ਕਰਨ ਲਈ ਭੇਜਿਆ ਗਿਆ। ਵਿਦਿਆਰਥੀਆਂ ਨੂੰ ਰਵਾਨਾ ਕਰਨ ਲਈ ਅੱਜ ਬੱਸ ਸਟੈਂਡ ਮੋਗਾ ਵਿਖੇ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਇਕੱਤਰ ਹੋਏ । ਦੋਹਾਂ ਵਿਦਿਆਰਥੀਆਂ ਨੂੰ ਕੈਪਟਨ ਜਸਵੰਤ ਸਿੰਘ ਨਿਸ਼ਾਨ ਏ ਸਿੱਖੀ ਅਕੈਡਮੀ ਸ਼੍ਰੀ ਖੰਡੂਰ ਸਾਹਿਬ ਲੈ ਕੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਕਿਹਾ ਕਿ ਅਕਸਰ ਹੀ ਘਰਾਂ ਵਿੱਚ ਮਜਬੂਰੀਆਂ ਬਣ ਜਾਂਦੀਆਂ ਹਨ ਕਿ ਪਰਿਵਾਰ ਆਪਣੇ ਬੱਚਿਆਂ ਨੂੰ ਮਹਿੰਗੀਆਂ ਪੜ੍ਹਾਈਆਂ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ। ਬੱਚੇ ਦਸਵੀਂ ਜਾਂ ਬਾਰਵੀਂ ਜਮਾਤ ਕਰਕੇ ਆਮ ਛੋਟੇ ਕਾਰੋਬਾਰਾਂ ਵਿੱਚ ਫਸ ਕੇ ਸਿਰਫ ਘਰ ਦਾ ਗੁਜ਼ਾਰਾ ਚਲਾਉਣ ਲਈ ਮਜਬੂਰ ਹੋ ਜਾਂਦੇ ਹਨ। ਇਹ ਸਿਲਸਿਲਾ ਪੀੜੀ-ਦਰ-ਪੀੜੀ ਚੱਲਦਾ ਰਹਿੰਦਾ ਹੈ। ਸਾਨੂੰ ਸਕੂਲ ਦੇ ਸਟਾਫ਼ ਤੋਂ ਪਤਾ ਲੱਗਿਆ ਕਿ ਸਕੂਲ ਵਿੱਚ ਹੋਣਹਾਰ ਵਿਦਿਆਰਥੀ ਸੰਤੋਖ ਸਿੰਘ ਅਤੇ ਧਰਮਵੀਰ ਸਿੰਘ ਸਨ ਜੋ ਆਪਣੀ ਬਾਰਵੀਂ ਦੀ ਪੜ੍ਹਾਈ ਪੂਰੀ ਕਰਕੇ ਭੱਠਿਆਂ ਉੱਪਰ ਮਜ਼ਦੂਰੀ ਦਾ ਕੰਮ ਕਰ ਰਹੇ ਹਨ। ਉਹਨਾਂ ਦੇ ਪਰਿਵਾਰਾਂ ਕੋਲ ਇੰਨੀ ਪੂੰਜੀ ਉਪਲੱਬਧ ਨਹੀਂ ਕਿ ਉਹ ਅੱਗੇ ਪੜ੍ਹਾਈ ਕਰਾ ਸਕਣ।
ਉਹਨਾਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ। ਇਹ ਨੌਜਵਾਨ ਅੱਗੇ ਪੜ੍ਹਨ ਵਾਲੇ ਹਨ, ਜਿਨਾਂ ਦੀ ਪੜ੍ਹਾਈ ਦੇ ਖਰਚੇ ਤੋਂ ਇਲਾਵਾ ਜੇਕਰ ਉਹਨਾਂ ਦੇ ਪਰਿਵਾਰ ਨੂੰ ਖਰਚੇ ਦੀ ਲੋੜ ਪਈ ਤਾਂ ਉਹ ਵੀ ਮੁਹਈਆ ਕਰਵਾਇਆ ਜਾਵੇਗਾ । ਉਨ੍ਹਾਂ ਦੇ ਪਰਿਵਾਰਾਂ ਨੇ ਵਿਦਿਆਰਥੀਆਂ ਨੂੰ ਅੱਗੇ ਪੜ੍ਹਾਉਣ ਦੀ ਸਹਿਮਤੀ ਪ੍ਰਗਟ ਕੀਤੀ। ਸਾਨੂੰ ਉਮੀਦ ਹੈ ਕਿ ਇਹ ਵਿਦਿਆਰਥੀ ਮਨ ਲਾ ਕੇ ਪੜ੍ਹਾਈ ਕਰਨਗੇ ਅਤੇ ਸਾਡੀਆਂ ਉਮੀਦਾਂ ਉੱਪਰ ਖਰੇ ਉਤਰਨਗੇ।
ਇਸ ਮੌਕੇ ਸਕੂਲ ਅਧਿਆਪਕਾ ਤਰਨਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਵਿਦਿਆਰਥੀ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਵਿੱਚ ਅਧਿਆਪਕਾਂ ਪ੍ਰਤੀ ਪਿਆਰ ਅਤੇ ਸਤਿਕਾਰ ਦੇ ਨਾਲ ਨਾਲ ਆਪਣੀ ਪੜ੍ਹਾਈ ਪ੍ਰਤੀ ਪੂਰੀ ਨਿਸ਼ਠਾ ਸੀ। ਸਾਡੇ ਸਕੂਲ ਦੇ ਸਮੂਹ ਸਟਾਫ ਵੱਲੋਂ ਇਹਨਾਂ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਦੇਖਦਿਆਂ ਬਾਰਵੀਂ ਜਮਾਤ ਤੱਕ ਪੂਰੀ ਮਦਦ ਕੀਤੀ ਗਈ ਪ੍ਰੰਤੂ ਦਿਲ ਨੂੰ ਅਫਸੋਸ ਤਦ ਹੋਇਆ ਜਦ ਬਾਰਵੀਂ ਜਮਾਤ ਤੋਂ ਬਾਅਦ ਇਹ ਵਿਦਿਆਰਥੀ ਅੱਗੇ ਨਹੀਂ ਪੜ੍ਹ ਸਕੇ। ਅਸੀਂ ਸਮੂਹ ਸਟਾਫ਼ ਹਮੇਸ਼ਾ ਰਿਣੀ ਰਹਾਂਗੇ ਸਾਡੇ ਅਧਿਆਪਕ ਕੈਪਟਨ ਜਸਵੰਤ ਸਿੰਘ ਪੰਡੋਰੀ ਅਤੇ ਡਾਕਟਰ ਸਰਬਜੀਤ ਕੌਰ ਬਰਾੜ ਦਾ ਜਿਨਾਂ ਦੇ ਉਪਰਾਲੇ ਸਦਕਾ ਭਾਈ ਬਲਵਿੰਦਰ ਸਿੰਘ ਖਾਲਸਾ ਯੂ.ਐਸ.ਏ ਨੇ ਇਹਨਾਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਬੀੜਾ ਚੁੱਕਿਆ। ਅਸੀਂ ਸਮੂਹ ਸਟਾਫ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਵਿਦਿਆਰਥੀ ਉਚੇਰੀ ਸਿੱਖਿਆ ਹਾਸਿਲ ਕਰਕੇ ਸਕੂਲ, ਪਿੰਡ, ਪਰਿਵਾਰ, ਜਿਲੇ ਅਤੇ ਉਹਨਾਂ ਵੀਰਾਂ ਦਾ ਨਾਮ ਰੌਸ਼ਨ ਕਰਨ ਜਿਨਾਂ ਦੇ ਉਪਰਾਲੇ ਸਦਕਾ ਇਹ ਨਵੇਂ ਮਿਸ਼ਨ ਲਈ ਰਵਾਨਾ ਹੋ ਰਹੇ ਹਨ।
ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਉਨਾਂ ਸਾਰੇ ਹੀ ਦਾਨੀ ਸੱਜਣਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਲੋੜਵੰਦ ਪਰਿਵਾਰਾਂ, ਲੜਕੀਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਹਨਾਂ ਕਿਹਾ ਕਿ ਭਾਈ ਬਲਵਿੰਦਰ ਸਿੰਘ ਖਾਲਸਾ ਯੂ ਐਸ ਏ, ਇੰਜੀਨੀਅਰ ਨਿਰਮਲ ਸਿੰਘ ਮਾਹਲਾ ਅਤੇ ਸਮੂਹ ਪਿੰਡ ਨਗਰ ਨਿਵਾਸੀ ਪਿੰਡ ਬੁੱਟਰ ਦੀ ਸੰਗਤ ਵੱਲੋਂ ਬੀਤੇ ਸਮੇਂ ਤੋਂ ਅਨੇਕਾਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਬੱਚਿਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਜਾ ਰਿਹਾ ਹੈ ਸਮਾਜ ਵਿੱਚ ਫੈਲੀਆਂ ਬੁਰਾਈਆਂ ਤੋਂ ਦੂਰ ਰਹਿਣ ਅਤੇ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਨਵੇਂ ਸਫਰ ਲਈ ਜਾਣ ਵਾਲੇ ਇਨਾਂ ਦੋਹਾਂ ਵਿਦਿਆਰਥੀਆਂ ਸੰਤੋਖ ਸਿੰਘ ਅਤੇ ਧਰਮਵੀਰ ਸਿੰਘ ਲਈ ਪਰਮਾਤਮਾ ਨੇ ਨਵੇਂ ਦਰਵਾਜੇ ਖੋਲੇ ਹਨ। ਜਿੱਥੇ ਇਹ ਦੋਵੇਂ ਵਿਦਿਆਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸੇ ਤੇ ਪੀ.ਐਚ.ਡੀ ਕਰਨਗੇ, ਉੱਥੇ ਹੀ ਇਹ ਐਨ.ਡੀ.ਏ, ਆਈ.ਐਮ.ਏ, ਆਈ.ਏ.ਐਸ, ਆਈ.ਪੀ.ਐਸ ਤੱਕ ਦੀ ਪੜ੍ਹਾਈ ਨਿਸ਼ਾਨ ਏ ਸਿੱਖੀ ਅਕੈਡਮੀ ਸ਼੍ਰੀ ਖੰਡੂਰ ਸਾਹਿਬ ਤੋਂ ਪ੍ਰਾਪਤ ਕਰਨਗੇ ਅਤੇ ਵਧੀਆ ਅਫ਼ਸਰ ਬਣ ਕੇ ਸਮਾਜ ਵਿੱਚ ਵਿਚਰਨ ਗੇ।
ਉਪਰੰਤ ਜਿੱਥੇ ਇਕੱਤਰ ਪਤਵੰਤਿਆਂ ਵੱਲੋਂ ਦੋਹਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਚੇਰੀ ਪੜ੍ਹਾਈ ਲਈ ਰਵਾਨਾ ਕੀਤਾ ਗਿਆ, ਉੱਥੇ ਹੀ ਦੋਹਾਂ ਵਿਦਿਆਰਥੀਆਂ ਨੇ ਸਮੂਹ ਸਕੂਲ ਸਟਾਫ, ਭਾਈ ਬਲਵਿੰਦਰ ਸਿੰਘ ਖਾਲਸਾ ਯੂ ਐਸ ਏ, ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਾਈਆਂ ਅਤੇ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਦਾ ਧੰਨਵਾਦ ਕੀਤਾ, ਜਿਨਾਂ ਨੇ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਬੀੜਾ ਚੁੱਕਿਆ।
ਇਸ ਮੌਕੇ ਕੈਪਟਨ ਜਸਵੰਤ ਸਿੰਘ ਪੰਡੋਰੀ ਸੰਚਾਲਕ ਬਾਪੂ ਮੁੰਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਾਈਆਂ, ਡਾਕਟਰ ਸਰਬਜੀਤ ਕੌਰ ਬਰਾੜ ਪ੍ਰਧਾਨ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ , ਹਰਪ੍ਰੀਤ ਸਿੰਘ ਸ਼ਾਇਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੁੱਟਰ ਦਾ ਸਮੂਹ ਸਟਾਫ ਅਧਿਆਪਕ ਜਗਜੀਤ ਸਿੰਘ, ਗਗਨਦੀਪ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ, ਰਵੀਜੋਤ ਕੌਰ, ਸੈਰਿਸ਼ ਚੁੱਘ, ਨਿਹਾਰਿਕਾ, ਤਨਜੀਤ ਕੌਰ, ਫੌਜ ਦੀ ਕਾਲੀਧਾਰ ਪਲਟਨ ਵਿੱਚੋਂ ਸਤਨਾਮ ਸਿੰਘ ਲੰਗਿਆਣਾ, ਜਰਨੈਲ ਸਿੰਘ ਦਾਇਆ, ਰਜਿੰਦਰ ਸਿੰਘ, ਸਤਨਾਮ ਸਿੰਘ ਝੰਡੇਆਣਾ, ਬਲਜਿੰਦਰ ਸਿੰਘ ਬੁੱਟਰ, ਕਿਸ਼ਨ ਸਿੰਘ ਮਹਿਣਾ ਤੋਂ ਇਲਾਵਾ ਇੰਜੀਨੀਅਰ ਨਿਰਮਲ ਸਿੰਘ ਮਾਹਲਾ, ਬਿੰਦਰ ਸਿੰਘ, ਸਰਬਜੋਤ ਸਿੰਘ, ਤਾਰਾ ਸਿੰਘ ਵਾਸੀ ਪਿੰਡ ਬੁੱਟਰ ਦੇ ਪਤਵੰਤੇ ਸੱਜਣ ਹਾਜ਼ਰ ਸਨ।





