ਡਿਪਟੀ ਕਮਿਸ਼ਨਰ ਨੇ ਕੀਤੀ ਜ਼ਿਲ੍ਹਾ ਦੀਆਂ ਵੱਖ ਵੱਖ ਜਥੇਬੰਦੀਆਂ, ਕਾਰੋਬਾਰੀਆਂ, ਉਦਯੋਗਪਤੀਆਂ ਨਾਲ ਹੰਗਾਮੀ ਮੀਟਿੰਗ
ਕਰੋਨਾ ਵੈਕਸੀਨੇਸ਼ਨ ਦੀਆਂ ਡੋਜ਼ਾਂ ਨਾ ਲਗਾਉਣ ਵਾਲਿਆਂ ਉੱਪਰ ਸਖਤੀ ਕਰਨ ਦੇ ਨਿਰਦੇਸ਼ ਜਾਰੀ

ਮੋਗਾ, 3 ਜਨਵਰੀ ( Charanjit Singh ) ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਮੋਗਾ ਦੇ ਧਵਨ ਪੈਲੇਸ ਵਿੱਚ ਜ਼ਿਲ੍ਹਾ ਦੀਆਂ ਵੱਖ ਵੱਖ ਜਥੇਬੰਦੀਆਂ ਜਿਵੇਂ ਕਿ ਕਾਰੋਬਾਰੀ, ਉਦਯੋਗਪਤੀ, ਦੁਕਾਨਾਂ ਦੇ ਮਾਲਕਾਂ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਚਰਨ ਸਿੰਘ ਵੀ ਹਾਜ਼ਰ ਸਨ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਜ਼ਿਲ੍ਹਾ ਵਿੱਚ ਕਰੋਨਾ ਤੋਂ ਸੁਰੱਖਿਅਤ ਰਹਿਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਫਿਰ ਤੋਂ ਅਮਲ ਵਿੱਚ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਛੇਤੀ ਹੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਵਿਡ ਦੀਆਂ ਦੋਨੋਂ ਡੋਜ਼ਾਂ ਨਾ ਲਗਾਉਣ ਵਾਲਿਆਂ ਵਿਰੁੱਧ ਸਿਕੰਜਾ ਕਸਣ ਜਾ ਰਿਹਾ ਹੈ ਤਾਂ ਕਿ ਸਭ ਤੋਂ ਵੱਧ ਫੈਲਣ ਵਾਲੇ ਕਰੋਨਾ ਦੇ ਵੇਰੀਐਂਟ ਓਮੀਕਰੋਨ ਉੱਪਰ ਕਾਬੂ ਪਾਇਆ ਜਾ ਸਕੇ।ਉਨ੍ਹਾਂ ਮੀਟਿੰਗ ਜਰੀਏ ਜ਼ਿਲ੍ਹਾ ਦੇ ਸਮੂਹ ਕਾਰੋਬਾਰੀਆਂ ਅਤੇ ਵੱਖ ਵੱਖ ਦੁਕਾਨਾਂ ਦੇ ਮਾਲਕਾਂ ਤੋਂ ਓਮੀਕਰੋਨ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਦੀ ਮੰਗ ਕੀਤੀ। ਉਨ੍ਹਾਂ ਹਾਜ਼ਰੀਨ ਨੂੰ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਿਵੇਂ ਕਿ ਸੈਨੇਟਾਈਜੇਸ਼ਨ, ਵਾਰ ਵਾਰ ਹੱਥਾਂ ਨੂੰ ਧੋਣਾ, ਮਾਸਕ ਪਹਿਨਣਾ ਆਦਿ ਨੂੰ ਜਰੂਰੀ ਤੌਰ ਤੇ ਅਮਲ ਵਿੱਚ ਲਿਆਉਣ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਸਮੂਹ ਕਾਰੋਬਾਰੀ, ਉਦਯੋਗਪਤੀ, ਦੁਕਾਨਾਂ ਦੇ ਮਾਲਕ ਆਪਣੇ ਅਧੀਨ ਕੰਮ ਕਰਨ ਵਾਲੇ ਅਮਲੇ ਨੂੰ ਵੈਕਸੀਨੇਸ਼ਨ ਤੋਂ ਬਿਨ੍ਹਾਂ ਕੰਮ ਕਰਵਾਉਣ ਤੋਂ ਗੁਰੇਜ਼ ਕਰਨ ਕਿਉਂਕਿ ਅਜਿਹਾ ਕਰਨਾ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਹੈ ਅਤੇ ਇਹ ਕਰੋਨਾ ਦੀ ਨਵੀਂ ਲਹਿਰ ਉਤਪੰਨ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਮੋਗਾ ਵੱਲੋਂ ਕਰੋਨਾ ਵੈਕਸੀਨੇਸ਼ਨ ਦਾ ਕੰਮ ਪੁਰੇ ਜੋਰਾਂ ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ ਇਸ ਲਈ ਉਹ ਆਪਣੇ ਅਮਲੇ ਨੂੰ ਕਰੋਨਾ ਵੈਕਸੀਨੇਸ਼ ਜਰੂਰੀ ਤੌਰ ਤੇ ਲਗਾਉਣ ਕਿਉਂਕਿ ਹੁਣ ਕਰੋਨਾ ਦੀਆਂ ਦੋਨੋਂ ਡੋਜ਼ਾਂ ਨਾ ਲਗਾਉਣ ਵਾਲੇ ਵਿਅਕਤੀ ਕਿਸੇ ਵੀ ਭੀੜ ਭਾੜ ਵਾਲੀ ਜਗ੍ਹਾ ਤੇ ਦਾਖਲ ਨਹੀਂ ਹੋ ਸਕਦੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਨੂੰ ਜਗ੍ਹਾ ਜਗ੍ਹਾ ਨਾਕੇ ਲਗਾ ਕੇ ਚੈਕਿੰਗ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਜੋ ਵੀ ਵਿਅਕਤੀ ਕਿਸੇ ਵੀ ਭੀੜ ਭਾੜ ਵਾਲੀ ਜਗ੍ਹਾ ਤੇ ਵੈਕਸੀਨੇਸ਼ਨ ਦੀਆਂ ਦੋਨੋਂ ਡੋਜ਼ਾਂ ਲਗਾਏ ਬਗੈਰ ਜਾਂ ਬਗੈਰ ਮਾਸਕ ਪਹਿਨੇ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਉਸਨੂੰ ਜੁਰਮਾਨਾ ਜਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਹਰ ਇੱਕ ਵਿਅਕਤੀ ਜਿਸਦੇ ਕਰੋਨਾ ਦੀਆਂ ਦੋਨੋਂ ਡੋਜ਼ਾਂ ਲੱਗ ਚੁੱਕੀਆਂ ਹਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਆਪਣੇ ਕਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਦੀ ਕਾਪੀ ਜਾਂ ਵੈਕਸੀਨੇਸ਼ਨ ਦਾ ਮੈਸਜ ਆਪਣੇ ਕੋਲ ਜਰੂਰੀ ਤੌਰ ਤੇ ਰੱਖੇ ਕਿਉਂਕਿ ਕਿਸੇ ਵੇਲੇ ਵੀ ਪੁਲਿਸ ਨਾਕੇ ਤੇ ਇਹ ਦਿਖਾਉਣਾ ਪੈ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਬੰਦੀਆਂ ਤੋਂ ਬਚਣ ਲਈ ਵੈਕਸੀਨੇਸ਼ਨ ਦੀਆਂ ਦੋਨੋਂ ਡੋਜ਼ਾਂ ਲਗਾਉਣ ਨੂੰ ਯਕੀਨੀ ਬਣਾਉਣ ਅਤੇ ਮਾਸਕ ਜਰੂਰੀ ਤੌਰ ਤੇ ਪਾ ਕੇ ਰੱਖਣ।





