ਸਰਕਾਰ ਖ਼ਿਲਾਫ਼ ਪਟਵਾਰੀਆਂ ਦਾ ਗੁੱਸਾ ਫੁੱਟਿਆ, ਧਰਮਕੋਟ ਤਹਿਸੀਲ ਦਫ਼ਤਰ ’ਚ ਜ਼ੋਰਦਾਰ ਨਾਅਰੇਬਾਜ਼ੀ
ਪੁਰਾਣੀ ਪੈਨਸ਼ਨ ਬਹਾਲ ਕਰਨ, 1056 ਪਟਵਾਰੀ ਅਸਾਮੀਆਂ ਮੁੜ ਬਹਾਲ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਰਹੇਗਾ ਜਾਰੀ

( ਚਰਨਜੀਤ ਸਿੰਘ)
ਬੀਤੇ ਦਿਨ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮ ਜਥੇਬੰਦੀਆਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਧਰਮਕੋਟ ਦੀ ਰੈਵਨਿਊ ਪਟਵਾਰ ਯੂਨੀਅਨ ਵੱਲੋਂ ਅੱਜ ਤਹਿਸੀਲ ਦਫ਼ਤਰ ਧਰਮਕੋਟ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ ਪ੍ਰਗਟ ਕੀਤਾ ਅਤੇ ਮੰਗਾਂ ਦਾ ਜਲਦ ਨਿਪਟਾਰਾ ਕਰਨ ਦੀ ਮੰਗ ਕੀਤੀ।
ਯੂਨੀਅਨ ਦੇ ਪ੍ਰਧਾਨ ਰਾਜ ਕੰਵਲ ਸਿੰਘ ਨੇ ਕਿਹਾ ਕਿ ਪਟਵਾਰੀ ਅਤੇ ਕਾਨੂੰਗੋ ਰੈਵਨਿਊ ਵਿਭਾਗ ਦੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਪਰ ਮੁਲਾਜ਼ਮਾਂ ਦੀਆਂ ਕਈ ਮੰਗਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਸਬੰਧੀ ਠੋਸ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਦੀਆਂ ਪ੍ਰਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 17/7/20 ਦੇ ਪੱਤਰ ਨੂੰ ਰੱਦ ਕਰਨਾ, ਪਟਵਾਰੀਆਂ ਦੀਆਂ 1056 ਪੋਸਟਾਂ ਨੂੰ ਮੁੜ ਬਹਾਲ ਕਰਨਾ, ਸਟੇਟ ਕੈਡਰ ਰੱਦ ਕਰਨਾ ਅਤੇ ਮੁਲਾਜ਼ਮਾਂ ਦਾ ਬਕਾਇਆ ਡੀ.ਏ. ਜਾਰੀ ਕਰਨਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਰਹੀ ਹੈ। ਜੇਕਰ ਸਰਕਾਰ ਨੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਯੂਨੀਅਨ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਸਬੰਧੀ ਅਗਲਾ ਫ਼ੈਸਲਾ ਲਿਆ ਜਾਵੇਗਾ। ਧਰਨੇ ਦੌਰਾਨ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ।
ਇਸ ਮੌਕੇ ਗੁਰਪ੍ਰੀਤ ਸਿੰਘ ਕਾਨੂੰਗੋ, ਕੁਲਦੀਪ ਸਿੰਘ ਕਾਨੂੰਗੋ, ਨਿਰਭੈ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਬਿਮਲ ਸਿੰਘ ਪਟਵਾਰੀ, ਅਜੇਪਾਲ ਸਿੰਘ ਪਟਵਾਰੀ, ਬਲਵੀਰ ਸਿੰਘ ਪਟਵਾਰੀ, ਦਿਲਾਵਰ ਸਿੰਘ ਪਟਵਾਰੀ, ਦਿਲਾਵਰ ਸ਼ਰਮਾ ਪਟਵਾਰੀ, ਗੁਰਭੇਜ ਪਟਵਾਰੀ, ਗੁਰਵਿੰਦਰ ਸਿੰਘ ਪਟਵਾਰੀ, ਇੰਦਰਜੀਤ ਸਿੰਘ ਪਟਵਾਰੀ, ਜਗਦੀਸ਼ ਸਿੰਘ ਪਟਵਾਰੀ, ਖਵਿੰਦਰ ਕੁਮਾਰ ਪਟਵਾਰੀ, ਕੁਲਵਿੰਦਰ ਸਿੰਘ ਪਟਵਾਰੀ, ਲਵਪ੍ਰੀਤ ਕੰਬੋਜ ਪਟਵਾਰੀ, ਨਵਦੀਪ ਪਟਵਾਰੀ, ਰਣਜੀਤ ਸਿੰਘ ਪਟਵਾਰੀ, ਰਵਿੰਦਰ ਸਿੰਘ ਪਟਵਾਰੀ ਅਤੇ ਹਰਬੰਸ ਸਿੰਘ ਪਟਵਾਰੀ ਤੋਂ ਇਲਾਵਾ ਧਰਮਕੋਟ ਤਹਿਸੀਲ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ ਹਾਜ਼ਰ ਸਨ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਹੱਲ ਕੀਤਾ ਜਾਵੇ।




